ਮਾਝਾ ਪੰਜਾਬ ਦਾ ਦਿਲ ਹੈ ਤੇ ਧਰਤੀ ਦਾ ਸਭ ਤੋਂ ਉਪਜਾਊ
ਭਾਗ। ਪੰਜਾਬ ਦੇ ਵਿਚਕਾਰਲੇ ਮੈਦਾਨੀ ਭਾਗ ਨੂੰ ਮਾਝਾ ਕਹਿੰਦੇ ਹਨ।ਮਾਝਾ ਦਾ ਸ਼ਬਦੀ ਅਰਥ ਮੰਝਲਾ ਜਾਂ
ਮਾਂਝਲਾ ਹੈ, ਜਿਸਦਾ ਅਰਥ ਹੈ ਮੱਧ ਵਾਲ਼ਾ ਜਾਂ ਵਿਚਕਾਰਲਾ
ਮੰਝਲਾ ਤੋਂ ਰੂਪ ਬਦਲਦਾ ਮਾਝਾ ਸ਼ਬਦ ਹੋਂਦ ਵਿਚ ਆ ਗਿਆ। ਪੰਜਾਬ ਦੇ ਕੇਂਦਰ ਵਿਚ ਹੋਣ ਕਾਰਨ ਇਸ
ਖਿੱਤੇ ਨੂੰ ਮਾਝਾ ਕਹਿੰਦੇ ਹਨ। ਮਾਝਾ ਪ੍ਰਦੇਸ਼ ਦੀ ਹੱਦਬੰਦੀ ਰਾਜਨੀਤਕ ਨਾ ਹੋ ਕੇ ਸਗੋਂ ਕੁਦਰਤ
ਦੁਆਰਾ ਖਿੱਚੀਆਂ ਲਕੀਰਾਂ ਦੁਆਲ਼ੇ ਕੇਂਦਰਿਤ ਹੈ। ਬਿਆਸ ਅਤੇ ਰਾਵੀ ਦਰਿਆਵਾਂ ਦੇ ਵਿਚਕਾਰਲੇ ਭਾਗ
ਨੂੰ 'ਬਾਰੀ' ਦੁਆਬ ਅਤੇ ਰਾਵੀ
ਅਤੇ ਚਿਨਾਬ ਦਰਿਆਵਾਂ ਦੇ ਵਿਚਕਾਰਲੇ ਭਾਗ ਨੂੰ ਰਚਨਾ ਦੁਆਬ ਕਿਹਾ ਜਾਂਦਾ ਹੈ ਜੋ ਮਾਝੇ ਦਾ ਭਾਗ
ਹੈ। ਮਾਝੇ ਦੇ ਜਿਲ਼੍ਹੇ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਲਹੌਰ, ਕਸੂਰ, ਸਿਆਲਕੋਟ, ਗੁਜਰਾਂਵਾਲਾ ਅਤੇ ਸ਼ੇਖੁਪੁਰਾ ਹਨ। ਰਚਨਾ ਦੁਆਬ ਦੇ ਉੱਤਰ-ਪੂਰਬੀ ਭਾਗ ਨੂੰ ਦਰਪ
ਕਿਹਾ ਜਾਂਦਾ ਹੈ।ਰਚਨਾ ਦੁਆਬ ਦਾ ਦੱਖਣ-ਪੱਛਮੀ ਭਾਗ ਸਾਂਦਲ ਬਾਰ ਕਰਕੇ ਜਾਣਿਆ ਜਾਂਦਾ ਹੈ। ਲਹੌਰ
ਜਿਲੇ ਦੇ ਕੁਝ ਭਾਗ ਨੂੰ 'ਨੱਕਾ' ਕਿਹਾ ਜਾਂਦਾ ਹੈ।
ਇਕ ਪਾਸੇ ਸ਼ਿਵਾਲਿਕ ਦੀਆਂ ਪਹਾੜੀਆਂ ਅਤੇ ਹੋਰਨਾਂ ਹੱਦਾਂ 'ਤੇ ਦਰਿਆ ਬਿਆਸ, ਸਤਲੁਜ ਅਤੇ ਚਿਨਾਬ ਮਾਝੇ ਦੀ ਹੱਦਬੰਦੀ ਕਰਦੇ
ਹਨ। ਵਿਦੇਸ਼ਾਂ ਤੋਂ ਆਉਣ ਵਾਲ਼ੇ ਜਿਆਦਾਤਰ ਹਮਲਾਵਰਾਂ ਨੇ ਮਾਝੇ ਦੇ ਜ਼ਰੀਏ ਹਮਲਾ ਕੀਤਾ। ਜਿਸ ਕਾਰਨ
ਮਾਝੇ ਲੋਕਾਂ ਦਾ ਸੁਭਾਅ ਖਾੜਕੂ ਬਣ ਗਿਆ। ਮਝੈਲ ਪ੍ਰਾਚੀਨ ਕਾਲ਼ ਤੋਂ ਹੀ ਗੁਰੀਲਾ ਯੁੱਧ ਦੇ ਮਾਹਿਰ
ਰਹੇ ਹਨ। ਸਿਕੰਦਰ ਦੇ ਭਾਰਤ 'ਤੇ ਹਮਲੇ ਤੋਂ ਲੈ ਕੇ ਖਾਲਿਸਤਾਨ ਦੇ ਨਾਮ 'ਤੇ ਚੱਲੀ ਖਾੜਕੂ ਲਹਿਰ ਤੱਕ ਮਝੈਲਾਂ ਨੇ ਸੈਂਕੜੇ ਹਮਲਾਵਰਾਂ ਨਾਲ਼ ਯੁੱਧ ਅਤੇ
ਮੁਹਿੰਮਾ ਲੜ੍ਹੀਆਂ। ਅਤੇ ਆਪਣੀ ਗੁਰੀਲਾ ਯੁੱਧ ਦੀ ਮੁਹਾਰਤ ਨੂੰ ਪੁਖਤਾ ਕੀਤਾ। ਗੁਰੀਲਾ ਯੁੱਧ ਉਹ
ਤਰੀਕਾ ਹੈ ਜਿਸ ਨਾਲ਼ ਘੱਟ ਗਿਣਤੀ ਵਿਸ਼ਾਲ ਲਸ਼ਕਰਾਂ ਦੇ ਮੂੰਹ ਮੋੜ ਸਕਦੀ ਹੈ।ਇਸੇ ਤਕਨੀਕ ਨਾਲ਼
ਮਝੈਲਾਂ ਨੇ ਸਿਕੰਦਰ ਦਾ ਦੁਨੀਆਂ ਜਿੱਤਣ ਦਾ ਸੁਪਨਾ ਮਾਝੇ ਦੀ ਧਰਤੀ 'ਤੇ ਚਕਨਾਚੂਰ ਕਰ ਦਿੱਤਾ।ਮਾਝੇ ਦੀ ਧਰਤੀ ਨੇ ਇਤਿਹਾਸ ਦੇ ਧੁੰਦਲੇ ਕਾਂਡਾ ਤੋਂ ਲੈ
ਵਰਤਮਾਨ ਤੱਕ ਕਬੀਲਿਆਂ, ਰਜਵਾੜਿਆਂ ਦੀਆਂ ਲੜ੍ਹਾਈਆਂ ਅਤੇ ਸਾਮਰਾਜਾਂ
ਦੇ ਘੋਰ ਯੁੱਧਾਂ ਨੂੰ ਪਿੰਡੇ 'ਤੇ ਹੰਢਾਇਆ ਹੈ।
ਵਿਦਵਾਨਾਂ ਵੱਲੋਂ ਇਕੱਤਰ ਕੀਤੇ ਸੰਗ੍ਰਹਿ ਦੱਸਦੇ ਹਨ ਕਿ
ਬਹੁਤ ਸਾਰੇ ਜੰਗਨਾਮੇ ਤੇ ਵਾਰਾਂ ਮਾਝੇ ਦੀ ਧਰਤੀ ‘ਤੇ ਲਿਖੇ ਗਏ ਮਾਝਾ
ਬਾਗਾਂ ਦਾ ਦੇਸ਼ ਸੀ। ਜੰਗਾਂ-ਯੁੱਧਾਂ ਤੇ ਵਿਦੇਸ਼ੀ ਹਮਲਾਵਰਾਂ / ਵਿਉਪਾਰੀਆਂ ਦੀ ਆਮਦ ਦਾ ਮੁੱਖ
ਦੁਆਰ।
ਮਾਝੇ ਵਿਚ ਕੁਸ਼ਤੀ- ਕਬੱਡੀ ਆਦਿ ਸਰੀਰਕ ਜੋਰ ਵਾਲ਼ੀਆਂ
ਖੇਡਾਂ ਪ੍ਰਚਲਿਤ ਸਨ। ਅੱਜ ਵੀ ਪਿੰਡਾਂ ਦੇ ਜੁਆਨ ਘੋੜੀਆਂ ਰੱਖਣ ਦੇ ਸ਼ੌਕੀਨ ਹਨ।ਮੁਹਿੰਮਾਂ ਅਤੇ
ਲੜਾਈਆਂ ਦਾ ਦੌਰ-ਦੌਰਾ ਏਨਾ ਪ੍ਰਚਲਿਤ ਸੀ ਕਿ ਲੋਕ ਨਾਚ ਵੇਲ਼ੇ ਵੀ ਡਾਂਗ ਦੀ ਵਰਤੋ ਹੋਣ
ਲੱਗੀ।ਚਰਾਂਦਾਂ ਦੀ ਘਾਟ ਨਹੀ ਸੀ।ਪਸ਼ੂਆਂ ਦੇ ਵੱਗ ਬੇਲਿਆਂ ‘ਚ ਖੁੱਲੇ ਫਿਰਦੇ ਤੇ ਤੇ ਹਾਲੀ-ਪਾਲੀ ਲੋਕ ਗਾਥਾਵਾਂ ‘ਚ ਮਸਤ ਹੋਈ ਅਵਾਜ ਦਾ ਜਾਦੂ ਬਿਖੇਰਦੇ।
ਦੁੱਧ-ਦਹੀਂ ਦੇ ਨਾਲ਼ ਸ਼ਰਾਬ ਅਤੇ ਮਾਸ ਵੀ ਮਾਝੇ ਵਾਲਿਆਂ
ਦੀ ਖੁਰਾਕ ਦਾ ਜਰੂਰੀ ਸੇਵਨ ਸੀ। ਮਾਝੇ ਦੀ ਲੋਕਧਾਰਾ ਆਪਣੇ ਹੀ ਰੁਖ ਚੱਲਦੀ ਹੈ। ਧਾਰਮਿਕ
ਵਿਸ਼ਵਾਸ਼ਾਂ ਵਾਲ਼ੇ ਹੋਣ ਦੇ ਬਾਵਜੂਦ ਲੰਮੀ-ਚੌੜੀ ਰਹਿਤ ਮਰਿਆਦਾ ਦੀ ਪਾਲਣਾ ਕਰਨੀ ਇਹਨਾਂ ਦੇ ਵੱਸ ਦਾ
ਰੋਗ ਨਹੀ।ਤਹਿਸੀਲ ਅਜਨਾਲ਼ਾ ਦੀ ਪਾਕਿਸਤਾਨ ਨਾਲ਼ ਲੱਗਦੀ ਨੁੱਕਰ ਨਾਲ਼ ਖਹਿ ਕੇ ਰਾਵੀ ਨਦੀ ਵਗਦੀ ਹੈ।
ਇਸਦੇ ਸਮਾਨਆਂਤਰ ਦੋ ਉਪ ਨਦੀਆਂ ਬੁੱਢਾ ਦਰਿਆ ਤੇ ਸੱਕੀ ਨਦੀ ਵੀ ਹਮਸਫ਼ਰ ਹੋ ਪਾਕਿਸਤਾਨ ਵਾਲ਼ੇ ਪਾਸੇ
ਮੁੜ ਜਾਂਦੀਆਂ ਹਨ।ਆਸੇ-ਪਾਸੇ ਬਹੁਤ ਸਾਰਾ ਇਲਾਕਾ ਵਿਰਾਨ ਹੈ ਤੇ ਜੰਗਲੀ ਝਾੜੀਆਂ,ਰੁੱਖਾਂ ਤੋਂ ਇਲਾਵਾ ਸਰਕੜਿਆਂ ਦੇ ਫੈਲੇ ਮੈਦਾਨ ਹਨ।ਅੱਜ ਵੀ ਇਸ ਇਲਾਕੇ ‘ਚ ਤਿੱਤਰ,ਜੰਗਲੀ ਸੂਰ,ਹਿਰਨ ਤੇ ਬਟੇਰੇ ਮਿਲ਼ ਜਾਂਦੇ ਹਨ।ਸ਼ਿਕਾਰ ਦੇ ਸ਼ੌਕੀਨਾ ਲਈ ਕੁਝ ਹੱਦ ਤੱਕ ਇਹ ਜਗ੍ਹਾ
ਰਾਖਵੀਂ ਪਈ ਹੈ।ਕਦੀ ‘ਭੁੱਸਿਆਂ ਦੀ ਰੱਖ’ ਵੀ ਅੰਮ੍ਰਿਤਸਰ ਜਿਲੇ ਦੀ ਵੱਡੀ ਸ਼ਿਕਾਰਗਾਹ ਹੋਇਆ ਕਰਦੀ ਸੀ।
ਅਜਨਾਲ਼ਾ ਤਹਿਸੀਲ ਦੇ ਦਰਿਆ ਨਾਲ਼ ਲੱਗਦੇ ਇਸ ਇਲਾਕੇ ‘ਚ ਕੁਝ ਦਹਾਕੇ ਪਹਿਲਾਂ ਤੱਕ ‘ਰਾਅ ਸਿੱਖ’
ਅਤੇ ਮਹਿਤਮ’ ਕਬੀਲੇ ਦੇ ਲੋਕ ਹੀ ਵੱਸਦੇ ਸਨ।ਹੋਰਨਾ ਇਲਾਕਿਆਂ ‘ਚ ਆਬਾਦੀ ਵਧਣ ਨਾਲ਼ ਜੱਟਾਂ ਨੇ
ਇੱਧਰ ਰੁਖ਼ ਕਰ ਲਿਆ। ਬਹੁਤ ਸਾਰੀ ਵਿਹਲੀ ਪਈ ਕੇਂਦਰ ਸਰਕਾਰ ਦੀ ਜ਼ਮੀਨ ਆਬਾਦ ਕਰ ਦਿੱਤੀ ਗਈ। ਜੰਗਲੀ
ਜੀਵਾਂ ਦੀ ਥਾਂ ਸੁੰਘੜ ਗਈ। ਮੇਰੇ ਪਿੰਡ ਦੇ ਲੋਕ ਇਸ ਸ਼ਿਕਾਰਗਾਹ ਦੇ ਘਾਗ ਸ਼ਿਕਾਰੀ ਰਹੇ ਹਨ। ਇਹਨਾ
ਸ਼ਿਕਾਰੀਆਂ ਦੇ ਘਰੇ ਗਰੀਬੀ ਦਾਅਵਾ ਹੀ ਹੁੰਦਾ ਹੈ। ਆਪ ਭਾਵੇਂ ਭੁੱਖੇ ਰਹਿ ਲੈਣ ਪਰ ਸ਼ਿਕਾਰਨ
ਕੁੱਤੀਆਂ ਨੂੰ ਰਜਾ ਕੇ ਰੱਖਣਗੇ।ਜਦੋਂ ਸ਼ਿਕਾਰ ਮਿਲ਼ਦਾ ਹੈ ਤਾਂ ਤਿਰਕਾਲ਼ਾਂ ਨੂੰ ਘਰੇ ਮੁੜਦਿਆਂ ਦੇ
ਚਿਹਰੇ ਦੀ ਰੌਣਕ ਹੀ ਹੋਰ ਹੁੰਦੀ ਹੈ। ਤਿੱਤਰ,ਬਟੇਰਾ,ਸਹਿਆ ਜਾਂ ਜੰਗਲੀ ਬਿੱਲਾ ਆਦਿ ਕੁਝ ਤਾਂ ਉਹ ਮੀਟ ਵੇਚ ਲੈਂਦੇ ਤੇ ਕੁਝ ਘਰੇ ਬਣ
ਜਾਂਦਾ। ਇਸ ਇਲਾਕੇ ਦੇ ਲੋਕਾਂ ਨੂੰ ਸ਼ਿਕਾਰ ਕਰਨ ਦਾ ਜਨੂੰਨ ਸੀ। ਆਦਿ ਕਾਲ ਤੋਂ ਜਦੋਂ ਮਨੁੱਖ
ਜੰਗਲਾਂ ਵਿਚ ਰਹਿੰਦਾ ਸੀ ਤਾਂ ਮਾਨਵ ਅਤੇ ਜਾਨਵਰਾਂ ਵਿਚਾਲੇ ਇੱਕ-ਦੂਜੇ ਨੂੰ ਸ਼ਿਕਾਰ ਕਰਨ ਦੀ ਹੋੜ
ਲੱਗੀ ਰਹਿੰਦੀ। ਸਮਾ ਬੀਤਣ ਨਾਲ਼ ਮਨੁੱਖ ਨੇ ਪੇਟ ਨੂੰ ਝੁਲਕਾ ਦੇਣ ਲਈ ਹੋਰ ਸਾਧਨ ਲੱਭ ਲਏ।ਪਰ
ਸ਼ਿਕਾਰ ਦੀ ਆਦਤ ਕੇਵਲ ਸ਼ਂੌਕ ਮਾਤਰ ਹੀ ਰਹਿ ਗਈ।
ਪਿੰਡ ਵਿਚੋਂ ਦਸ-ਪੰਦਰਾਂ ਦਾ ਹਜੂਮ ਇਕੱਠਾ ਹੋ ਕੇ ਤੁਰ
ਪੈਂਦਾ।ਹੱਥਾਂ ਵਿਚ ਡਾਗਾਂ ਤੇ ਇੱਕ-ਦੋ ਜਾਲ ਹੁੰਦੇ। ਸ਼ਿਕਾਰੀ ਕੁੱਤੇ ਜੋਸ਼ ਵਿਚ ਅੱਗੇ-ਅੱਗੇ
ਜਾਂਦੇ। ਕਿਸੇ ਰੁੱਖ ਦੇ ਮਲ੍ਹੇ-ਝਾੜੀ ‘ਚ ਖਰਗੋਸ਼ ਦੌੜ ਕੇ ਲੁੱਕ ਜਾਂਦਾ।ਤਾਂ ਸ਼ਿਕਾਰੀਆਂ
ਦੀ ਨਜ਼ਰ ਪੈ ਜਾਂਦੀ। ਉਂਝ ਸ਼ਿਕਾਰ ਦੀ ਮੌਜੂਦਗੀ ਦਾ ਪਤਾ ਬਹੁਤੀ ਵਾਰ ਕੁੱਤੇ ਹੀ ਆਪਣੀ ਸੁੰਘਣ ਸ਼ਕਤੀ
ਨਾਲ਼ ਕਰ ਲੈਂਦੇ। ਡਰਿਆ-ਸਹਿਮਿਆ ਸ਼ਿਕਾਰ ਜਦੋਂ ਦੌੜਨ ਲੱਗਦਾ ਤਾਂ ਜਾਂ ਤਾਂ ਝਾੜੀ ਦੁਆਲ਼ੇ ਲਪੇਟੇ
ਜਾਲ਼ ਵਿਚ ਜਾ ਵੱਜਦਾ ਜਾਂ ਵਗਾਹ ਕੇ ਸੁੱਟੀਆਂ ਡਾਗਾਂ ਦਾ ਸ਼ਿਕਾਰ ਹੋ ਜਾਂਦਾ।ਸ਼ਿਕਾਰੀ ਕੁੱਤਿਆਂ ਦੇ
ਜੋਰ ਦਾ ਵੀ ਪਤਾ ਲੱਗਦਾ। ਜਿਸਦਾ ਕੁੱਤਾ ਫਾਡੀ ਰਹਿ ਜਾਂਦਾ। ਉਸਦੇ ਮਾਲਕ ਨੂੰ ਬਾਅਦ ਵਿਚ ਝੇਡਾਂ
ਤੇ ਮਖੌਲ ਭਰੀ ਮਸ਼ਕਰੀ ਵੀ ਸਹਿਣੀ ਪੈਂਦੀ।
ਵੀਹਵੀਂ ਸਦੀ ਦੇ ਸ਼ੁਰੂ ਵਿਚ ਸਿੱਖ ਧਰਮ ਸਨਾਤਨੀ ਰੁਖ
ਵਾਲਾ ਹੋਣਾ ਸ਼ੁਰੂ ਹੋ ਗਿਆ। ਪ੍ਰਚਾਰਕਾਂ ਨੇ ‘ਅਹਿ ਨਹੀ ਕਰਨਾ,
ਔਹ ਨਹੀ ਕਰਨਾ’ ਦੀ ਅਜਿਹੀ ਰਟ ਲਗਾਈ ਕਿ ਗੁਰੂਆਂ ਦੀ ਬਖਸ਼ੀ ਇਹ ਆਲਮੀ ਵਿਚਾਰਧਾਰਾ ਨੂੰ ਫਿਰਕੇ ਵਿਚ
ਬੰਨ ਦਿੱਤਾ।ਮਾਝੇ ਦੇ ਵਸਨੀਕ ਬਹਾਦਰੀ ਭਰੇ ਜ਼ਜ਼ਬਾਤੀ ਰੌਂਅ ਵਾਲ਼ੇ ਹਨ ਪਰ ਦੂਰਅੰਦੇਸ਼ੀ ਦੀ ਸਦਾ ਘਾਟ
ਰਹੀ ਹੈ।
ਇਕ ਭੱਟ ਮੀਰ ਲਗਾਮ ਚੀਚਾ ਭਕਨੀਆਂ ਮਾਝੇ ਦੇ ਜੱਟਾਂ ਦੀ
ਵਾਰ ਵਿਚ ਲਿਖਦਾ ਹੈ ਕਿ:
ਝੰਜੋਟੀ ਦੇ ਚੌਧਰੀ ਛੀਨੇ ਆਪੋ ਆਪਣੇ ਮੈਲ ਕਰੀਨੇ,
ਢਾਲ਼ਾਂ ਚਾਲ਼ਾਂ ਤੇ ਕਰਤੂਤਾਂ ਉਹਨਾਂ ਹੁਕਮ ਲਿਆ ਫੌਜਦਾਰਾਂ
ਲੱਠੇ ਅੰਦਰ ਗਾਉਂ ਘੁਮਾਣਾ ਰਿਆੜਾ ਤੇ ਰਿਆਂੜਕੀ ਦਾਣਾ
ਘੁੰਮਣ ਛੌਧਰੀ ਦਲ ਦਰਿਆਵਾਂ ਦਾ
ਚੀਮਾ ਚੱਠਾ ਤੇ ਵੜੈਚ ਵਿਚ ਸ਼ਾਹੀ ਮੁਕਟ ਦਰਬਾਰਾਂ ਦਾ
ਵਲਟੋਹੇ ਦਾ ਰਹਿਣਾ-ਬਹਿਣਾ ਸਰਹਾਲ਼ੀ ਦਾ ਕੇਡਾ ਕਹਿਣਾ
ਨੌਸ਼ਹਿਰੇ ਤੇ ਭਕਨਾ ਭੜਾਣਾ ਵਿਚ ਮਾਝਾ ਦੇਸ਼ ਦਤਾਰਾਂ ਦਾ।
ਦਿੱਲੀ ਸਮੇਤ ਦੱਖਣੀ ਭਾਰਤ ਦੇ ਰਜਵਾੜਿਆਂ ਤੇ ਅਮੀਰ ਵਪਾਰੀਆਂ ਲਈ ਵਪਾਰ ਦਾ ਮੁੱਖ ਸਾਧਨ ਪੰਜਾਬ ਦੇ ਸ਼ਾਹਰਾਹ ਰਹੇ ਹਨ।ਵੱਖ-ਵੱਖ
ਰਿਆਸਤਾਂ ਦੀਆਂ ਸਰਹੱਦਾਂ ‘ਚੋਂ ਲੰਘਦੇ ਵਪਾਰੀ ਰਜਵਾੜਿਆਂ ਨੂੰ ਕੀਮਤੀ
ਤੋਹਫੇ ਧਨ-ਮਾਲ ਆਦਿ ਦੇ ਕੇ ਖੁੱਸ਼ ਰੱਖਦੇ।ਚੋਰਾਂ ਅਤੇ ਰਾਖਿਆਂ ਦੀ ਗੰਡਤੁਪ ਹੁੰਦੀ ਹੀ ਆਈ
ਹੈ।ਅਰਬਾਂ ਦੇ ਵਪਾਰੀ ਕਾਫਲਿਆਂ ਦੇ ਮੁੱਖ ਪੜਾਅ ਲਾਹੌਰ, ਕਸੂਰ, ਮੁਲਤਾਨ, ਸਿੰਧ, ਕਾਬਲ, ਕੰਧਾਰ ਤੋਂ ਇਲਾਵਾ ਹੋਰ ਵੀ ਕਈ ਕਸਬੇ- ਸ਼ਹਿਰ ਸਨ।ਲਾਹੌਰ ਤੋਂ ਕੁਝ ਕਿਲੋਮੀਟਰ ਦੇ
ਫਾਸਲੇ ਤੇ ਭਾਰਤ ਵਾਲੇ ਪਾਸੇ ਸਥਿੱਤ ਪਿੰਡ ਰਾਜਾਤਾਲ ਤੋਂ ਝਬਾਲ, ਤਰਨਤਾਰਨ ਅਤੇ ਗੋਇੰਦਵਾਲ ਸਹਿਬ ਵਾਲ਼ੇ ਰਾਹ ਅਤੇ ਉਸ ਤੋਂ ਵੀ ਅੱਗੇ ਸੜਕ ਦੇ
ਨਾਲ਼-ਨਾਲ਼ ਨਾਨਕਸ਼ਾਹੀ ਇੱਟਾਂ ਦੇ ਬੁਰਜ ਬਣੇ ਹੋਏ ਹਨ। ਭਾਂਵੇਂ ਕੁਝ ਇਲਾਕਿਆਂ ਚੋਂ ਇਹ ਢਾਹ ਦਿੱਤੇ
ਗਏ, ਪਰ ਕਦੀ ਇਹ ਬੁਰਜ ਲਾਹੌਰ ਤੋਂ ਦਿੱਲੀ ਤੱਕ ਮੌਜੂਦ ਸਨ।
ਇੱਸ ਸ਼ਾਹਰਾਹ ਤੇ ਕਈ ਮੁਗਲਾਂ ਵੇਲੇ ਦੀਆਂ ਸਰਾਵਾਂ ਵੀ ਮੌਜੂਦ ਹਨ। ਮੁਗਲਾਂ ਦੇ ਸੈਨਾਪਤੀ ਅਮਾਨਤ
ਖਾਨ ਦੀ ਸਰਾਂਅ ਦੇ ਖੰਡਰ ਅੱਜ ਵੀ ਮੌਜੂਦ ਹਨ।
ਘਾਤ ਲਾ ਕੇ ਹਮਲਾ ਕਰਨ ਵਿੱਚ ਪੰਜਾਬੀ ਪੋਰਸ ਦੇ ਵੇਲੇ
ਤੋਂ ਹੀ ਮਸ਼ਹੂਰ ਰਹੇ ਹਨ। ਵੱਡੇ-ਵੱਡੇ ਵਪਾਰੀਆਂ ਦੇ ਕਾਫਲੇ ਕਾਬਲ ਅਤੇ ਦਿੱਲੀ ਤੋਂ ਇੱਧਰ-ਉੱਧਰ ਆ
ਜਾ ਰਹੇ ਹੁੰਦੇ ਤਾਂ ਪੰਜਾਬੀਆਂ ਦੀ ਲੁੱਟ ਦਾ ਸ਼ਿਕਾਰ ਬਣਦੇ। ਦਰਅਸਲ ਦੁੱਲੇ ਭੱਟੀ ਨੇ ਅਕਬਰ ਦੇ
ਨਜ਼ਦੀਕੀ ਕਈ ਵਪਾਰੀਆਂ ਦੇ ਕਾਫਲਿਆਂ ਨੂੰ ਲੁੱਟਿਆ ਤੇ ਅਕਬਰ ਦੀਆਂ ਚਿਤਾਵਨੀਆਂ ਨੂੰ ਠਿਠ ਜਾਣਿਆਂ।
ਜਿੱਸ ਕਾਰਨ ਅਕਬਰ ਦੁੱਲੇ ਨਾਲ਼ ਗੁੱਸੇ ਸੀ। ਪਰ ਜਦੋਂ ਦੁੱਲੇ ਨੇ ਹੱਜ ਲਈ ਜਾ ਰਹੀਆਂ ਅਕਬਰ ਦੀਆਂ
ਬੇਗਮਾਂ ਦੇ ਕਾਫਲੇ ਨੂੰ ਹੱਥ ਪਾਇਆ ਤਾਂ ਜੰਗ ਨਿਸ਼ਚਿਤ ਹੋ ਗਈ। ਜਦੋਂ 1890 ਦੇ ਲਗਭਗ ਅੰਗਰੇਜਾਂ ਨੇ ਦਿੱਲੀ ਤੋਂ ਕਾਬਲ ਤੱਕ ਰੇਲ ਚਲਾ ਦਿੱਤੀ ਤਾਂ ਵਪਾਰੀਆਂ
ਦਾ ਮਾਲ ਕਾਫਲਿਆਂ ਦੀ ਬਜਾਇ ਮਾਲ ਗੱਡੀ ਤੇ ਆਉਣ-ਜਾਣ ਲੱਗ ਪਿਆ। ਮਾਲ ਗੱਡੀ ਦੀ ਰਫਤਾਰ ਬਹੁਤੀ
ਨਹੀਂ ਸੀ ਹੁੰਦੀ। ਅਨੇਕ ਜੁਆਨ ਘੋੜੀਆਂ ਦੁੜਾਉਂਦੇ ਤੇ ਛਾਲ਼ ਮਾਰ ਕੇ ਗੱਡੀ ਤੇ ਸੁਆਰ ਹੋ ਜਾਂਦੇ।
ਤੇ ਚਲਦੀ ਗੱਡੀ ਚਂੋ, ਅਖਰੋਟ,ਬਦਾਮ ਕਾਬਲ ਦੇ ਸੁੱਕੇ ਮੇਵੇ ਆਦਿ ਦੀਆਂ ਬੋਰੀਆਂ ਡੇਗ ਕੇ ਘੋੜੀਆਂ ਤੇ ਲੱਦ ਕੇ
ਵਾਪਸ ਤੁਰ ਪੈਂਦੇ। ਅੰਮ੍ਰਿਤਸਰ ਅਤੇ ਲਾਹੌਰ ਦੇ ਵਿਚਾਲੇ ਪੈਂਦੇ ਪਿੰਡਾਂ ਦੇ ਜੱਟ ਇੱਸ ਕੰਮ ਦੇ
ਮਾਹਿਰ ਸਨ, ਜੋ ਪਾਕਿਸਤਾਨ ਬਣਨ ਤੋਂ ਬਾਅਦ ਘੈਂਟ ਸਮਗਲਰ
ਬਣੇ। ਚੋਗਾਂਵੇਂ ਦੇ ਇਕ ਅਹਾਤੇ ਵਿਚ ਬੈਠਾ ਇਕ ਸਮਗਲਰ ਕੰਡਿਆਲ਼ੀ ਤਾਰ ਲੱਗਣ ਤੋਂ ਪਹਿਲਾਂ ਫੜ੍ਹ
ਮਾਰ ਰਿਹਾ ਸੀ, “ਭਾਊ ਸਾਡੇ ਚੋਰੀ ਕੀਤੇ ਪਸ਼ੂ ਕੋਈ ਮਾਈ ਦਾ ਲਾਲ
ਨਹੀਂ ਮੁੜਵਾ ਸਕਦਾ, ਰਾਤੋ-ਰਾਤ ਰਾਵੀਉਂ ਪਾਰ ਲੰਘਾ ਆਈਦੇ ਨੇ”।
ਪਾਕਿਸਤਾਨ ਬਣਨ ਤੋਂ ਕਾਫੀ ਸਮਾਂ ਬਾਅਦ ਵੀ ਜਦੋਂ
ਹੱਟਵਾਣੀਆਂ ਨੇ ਹੱਟੀ ਲਈ ਸੌਦਾ-ਪੱਤਾ ਲੈਣ ਅੰਮ੍ਰਿਤਸਰ ਜਾਣਾ ਤਾਂ ਕੱਚੇ ਰਾਹ ਅਤੇ ਦੂਰ ਦਾ ਪੈਡਾਂ
ਹੋਣ ਕਾਰਨ ਇਹ ਲੋਕ ਅਕਸਰ ਰਾਤ ਨੂੰ ਤੁਰਦੇ ਤੇ ਅਗਲੇ ਦਿਨ ਵਾਪਸ ਮੁੜਦੇ। ਰੇਹੜਿਆਂ ਉੱਤੇ ਉੱਚੇ
ਡੰਡੇ ਬੰਨ ਕੇ ਲਾਲਟੈਨਾਂ ਬੰਨੀਆਂ ਹੁੰਦੀਆਂ। ਜੋ ਕੱਚੇ ਰਾਹਾਂ ‘ਚ ਰੌਸ਼ਨੀ ਕਰਦੀਆਂ। ਲੁਟੇਰੇ ਬੂਝਿਆਂ ‘ਚ ਲੁੱਕ ਕੇ ਬੈਠ ਜਾਂਦੇ ਤੇ ਹਿੱਸਾ ਪੱਤੀ ਲੈਣ ਤੋਂ ਬਗੈਰ ਨਾ ਜਾਣ ਦੇਂਦੇ। ਹੈ
ਤਾਂ ਗਰੀਬ ਮਾਰ ਪਰ ਠੱਗਾਂ ਦੇ ਕਿਹੜੇ ਹਲ਼ ਵਗਦੇ ਨੇ ? ਅੱਜ ਭਾਰਤ ਸਰਕਾਰ ਮਲਟੀ ਨੈਸ਼ਨਲ ਕੰਪਨੀਆਂ ਲਈ ਪਿੰਡਾਂ ਦੇ ਪਿੰਡ ਉਜਾੜ ਕੇ ਲੋਕਾਂ
ਦੀ ਰੋਜ਼ੀ-ਰੋਟੀ ਦਾ ਸਾਧਨ ਜ਼ਮੀਨਾਂ ਐਕੁਆਇਰ ਕਰ ਰਹੀ ਹੈ।ਮਲਟੀ ਨੈਸ਼ਨਲ ਕੰਪਨੀਆਂ ਦੇ ਸਮਾਨ ਦੀ
ਢੋਆ-ਢੁਆਈ ਲਈ ਸੜਕਾਂ ਵੀ ਵੱਡੀਆਂ ਚਾਹੀਦੀਆਂ ਨੇ। ਸੜਕਾਂ ਚੌੜੀਆਂ ਕਰਨ ਲਈ ਪੇਂਡੂ ਅਤੇ ਸ਼ਹਿਰੀ
ਅੱਡੇ ਉਜਾੜੇ ਜਾ ਹਰੇ ਹਨ ਵੋਟਾਂ ਨਾਲ਼ ਚੁਣੇ ਹਾਕਮ ਲੋਕਾਂ ਦੇ ਨਹੀਂ ਰਹਿੰਦੇ ਖੂਨ ਪੀਣੀਆਂ ਜੋਕਾਂ
ਦੇ ਹੋ ਜਾਂਦੇ ਹਨ। ਵਪਾਰੀ ਅਤੇ ਸ਼ਾਹਾਂ ਦੀ ਮਿਲ਼ੀਭੁਗਤ ਰਹੀ ਹੈ ਲੁਟੇਰੇ ਅਤੇ ਰਾਹਾਂ ਦੀ ਵੀ । ਪਰ
ਹੁਣ ਲੱਗਦਾ ਹੈ ਕਿ ਵਪਾਰੀ ਹੀ ਲੁਟੇਰੇ ਬਣ ਚੁੱਕੇ ਹਨ ਤੇ ਸ਼ਾਹ ਅਤੇ ਰਾਹ ਵੀ ਉ੍ਹਨ੍ਹਾਂ ਦੀ
ਵਫਾਦਾਰੀ ਪਾਲ਼ਦੇ ਹਨ। ਤੇ ਅਸੀਂ ਆਪਣੇ ਘਰ-ਘਾਟ, ਜ਼ਮੀਨਾਂ ਅਤੇ
ਰੁਜ਼ਗਾਰ ਬਚਾਉਣ ਲਈ ਜੂਝ ਵੀ ਨਹੀਂ ਸਕਦੇ ਅਤੇ
ਸਿਰਫ ਵਪਾਰੀਆਂ ਤੇ ਹਾਕਮਾਂ ਦੇ ਰਹਿਮ ਤੇ ਹਾਂ। ਸੜਕ ਚੌੜੀ ਕਰਨ ਲਈ ਦੁਕਾਨਾਂ ਢਾਹੁਣ ਵਾਲ਼ੇ ਨੋਟਿਸ
ਆ ਗਏ ਹਨ। ਕੀ ਅਸੀਂ ਸ਼ਾਹਾਂ ਨੂੰ ਨਕਾਰ ਕੇ ਵਪਾਰੀਆਂ ਦਾ ਰਾਹ ਰੋਕ ਸਕਾਂਗੇ? ਪੰਜਾਬੀ ਦੇ ਮਸ਼ਹੂਰ ਕਿੱਸਾਕਾਰ ਅਲੀ ਹੈਦਰ ਨੇ
ਵਿਦੇਸ਼ੀਆਂ ਦੇਗੁਲਾਮ ਭਾਰਤੀ ਹਾਕਮਾਂ ਬਾਰੇ ਠੀਕ ਹੀ ਲਿਖਿਆ ਸੀ:
ਭੇ: ਭੀ ਜ਼ਹਿਰ ਨਹੀਂ ਜੋ ਖਾ ਮਰਨ
ਕੁਝ ਸ਼ਰਮ ਨਹੀਂ ਹਿੰਦੋਸਤਾਨੀਆਂ ਨੂੰ
ਕਿਆ ਹੋਇਆ
ਇੰਨਾਂ ਰਾਜਿਆਂ ਨੂੰ
ਕੁਝ ਲਾਜ ਨਹੀਂ ਤੁਰਾਨੀਆਂ ਨੂੰ
ਭੈੜੇ ਭਰ ਭਰ ਦੇਵਨ ਖਜ਼ਾਨੇ
ਫਾਰਸੀਆਂ ਅਤੇ ਖੁਰਾਸਾਨੀਆਂ ਨੂੰ
ਵਿਚ ਛੂਣੀਆਂ ਦੇ ਭਰ ਕੇ ਨੱਕ ਡੋਬਣ
ਜੇ ਲੈਣ ਨਾਂ ਵੱਡਿਆਂ ਪਾਣੀਆਂ ਨੂੰ।
ਅਖਬਾਰਾਂ-ਰਸਾਲਿਆਂ ਤੇ ਵੱਖ-ਵੱਖ ਵੈਬਸਾਈਟਾਂ ਤੋਂ ਮੇਰੇ
ਲੇਖ ਪੜ੍ਹਕੇ ਸੈਂਕੜੇ ਪਾਠਕਾਂ ਦੇ ਫੋਨ ਦੇਸ਼-ਵਿਦੇਸ਼ ਤੋਂ ਆਏ ਅਤੇ ਆਉਂਦੇ ਰਹਿੰਦੇ ਹਨ।ਇਕ ਗੱਲ
ਸਾਰੇ ਪੁੱਛਦੇ ਕਿ ਤੁਹਾਡੀ ਕੋਈ ਕਿਤਾਬ ਹੁਣ ਤੱਕ ਕਿਉਂ ਨਹੀ ਆਈ?
ਮੇਰੇ ਪਾਠਕ ਤੇ ਚਹੇਤੇ ਮੇਰੀ ਕਵਿਤਾ ਦੀ ਕਿਤਾਬ ਉਡੀਕ
ਰਹੇ ਸਨ।ਪਰ ਇਸ ਇਤਿਹਾਸਿਕ ਅਤੇ ਲੋਕਧਰਾਈ ਵਿਸ਼ੇ ਦੀ ਪੁਸਤਕ ਲਿਖ ਕੇ ਪਾਠਕਾਂ ਦੀ ਨਜ਼ਰ ਕਰਦਿਆਂ
ਅਤਿਅੰਤ ਪ੍ਰਸੰਨਤਾ ਅਨੁਭਵ ਕਰ ਰਿਹਾ ਹਾਂ। ਲੇਖਾਂ ਨੂੰ ਬੇਲੋੜਾ ਵਿਸਥਾਰ ਦੇਣ ਦੀ ਬਜਾਇ ਗੱਲ ਨੂੰ ਸੰਖੇਪ ਅਤੇ ਦਿਲਚਸਪ
ਸ਼ਬਦਾਵਲੀ ਨਾਲ਼ ਸ਼ਿੰਗਾਰਨ ਦਾ ਯਤਨ ਕੀਤਾ ਹੈ।ਲੇਖਾਂ ਨੂੰ ਜਿਨ੍ਹਾਂ ਤੱਥਾਂ ਦੀ ਪੁੱਠ ਦਿੱਤੀ ਗਈ ਹੈ
ਉਹਨਾਂ ਵਿਚ ਮਿੱਥਾਂ ਵੀ ਹਨ ਤੇ ਇਤਿਹਾਸਿਕ ਤੱਥ
ਵੀ।ਪਰ ਜਿੱਥੋਂ ਤੱਕ ਸੰਭਵ ਹੋਇਆ ਮਿਥਾਂ ਨੂੰ ਤਰਕ ਦੇ ਅਧਾਰ ਅਰਥ ਦੇਣ ਦਾ ਵੀ ਯਤਨ ਕੀਤਾ ਹੈ।
ਮਿੱਥਾਂ ਨੂੰ ਤਰਕਪੂਰਨ ਢੰਗ ਨਾਲ਼ ਪੇਸ਼ ਕਰਨਾ ਮੁਨਾਸਿਬ ਨਹੀਂ ਹੁੰਦਾ। ਪੁਸਤਕ ਦੇ ਬਹੁਤ ਸਾਰੇ ਕਾਂਡ
ਉਸ ਦੌਰ ਦੇ ਹਨ ਜਦੋਂ ਦੀ ਭਾਸ਼ਾ ਹੁਣ ਨਹੀਂ ਮਿਲ਼ਦੀ ਜਾਂ ਜੇ ਸ਼ਿਲਾਲੇਖ ਮਿਲ਼ਦੇ ਵੀ ਹਨ ਤਾਂ ਉਹਨਾਂ
ਨੂੰ ਪੜ੍ਹਨਾ ਸੰਭਵ ਨਹੀ।ਬਹੁਤ ਸਾਰੀਆਂ ਕਹਾਣੀਆਂ
ਸੀਨਾ-ਬਸੀਨਾ ਵਰਤਮਾਨ ਤੱਕ ਪਹੁੰਚੀਆਂ ਹਨ। ਉਹਨਾਂ ਦੇ ਰੂਪ ਬਦਲਦੇ ਗਏ। ਉੰਝ ਮਿਥਾਂ ਪਿੱਛੇ ਕੁਝ
ਸੱਚਾਈ ਜਰੂਰ ਹੁੰਦੀ ਹੈ। ਮੇਰਾ ਮਨੋਰਥ ਹੈ ਕਿ ਜੋ
ਕੁਝ ਮਿਲ਼ ਰਿਹਾ ਹੈ ਉਸ ਨੂੰ ਸੰਭਾਲਿਆ ਜਾਵੇ ਨਹੀਂ ਤਾਂ ਭਵਿੱਖ ਵਿਚ ਉਹ ਵੀ ਮਿਟ
ਜਾਵੇਗਾ। ਅਸੀਂ ਤੇਜੀ ਨਾਲ਼ ਆਪਣੇ ਮੂਲ ਨਾਲ਼ੋਂ ਇਸ
ਟੁੱਟਦੇ ਜਾ ਰਹੇ ਹਾਂ। ਭਵਿੱਖ ਦੇ ਫ਼ਿਕਰ ਇਸ ਕਦਰ ਲਿਤਾੜ ਰਹੇ ਹਨ ਕਿ ਅਤੀਤ ਵੱਲ ਝਾਕਣ ਦਾ ਸਮਾਂ
ਹੀ ਨਹੀਂ ਲਗਦਾ।ਪੁਸਤਕ ਨੂੰ ਪਾਠਕਾਂ ਦੀ ਨਜ਼ਰ ਕਰਦਿਆਂ ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਇਹ
ਮੇਰਾ ਕੋਈ ਬਹੁਤ ਵੱਡਾ ਖੋਜ ਕਾਰਜ ਨਹੀਂ ਤੇ ਨਾ ਹੀ ਕਿਸੇ ਅਕਾਦਮਿਕ ਮਨੋਰਥ ਦੀ ਕਾਰਜ ਸਿੱਧੀ ਕਰਨ
ਦੀ ਮੇਰੀ ਮਨਸ਼ਾ ਹੈ। ਇਹ ਤਾਂ ਬਸ ਵਰਤਮਾਨ ਦੀ ਖਿੜਕੀ 'ਚੋਂ ਅਤੀਤ ਵੱਲ਼ ਝਾਕਣ ਦਾ ਇਕ ਛੋਟਾ ਜਿਹਾ ਯਤਨ ਹੈ।
ਉਂਝ ਮਾਝੇ ਦੇ ਧਾਰਮਿਕ/ਇਤਿਹਾਸਿਕ ਸਥਾਨਾਂ ਬਾਰੇ ਗੱਲ
ਕਰੀਏ ਤਾਂ ਸ਼ਾਇਦ ਵੱਡਾ ਗ੍ਰੰਥ ਬਣ ਜਾਵੇ ਪਰ ਮੈਂ ਸਿਰਫ ਉਹਨਾਂ ਥਾਵਾਂ ਦਾ ਜ਼ਿਕਰ ਕਰਨਾ ਮੁਨਾਸਿਬ ਸਮਝਿਆ ਜੋ ਇਤਿਹਾਸ ਦੇ ਧੁੰਦਲੇ
ਕਾਂਡ ਹਨ। ਜਿਹਨਾਂ ਬਾਰੇ ਜਾਣਕਾਰੀ ਨਾਮਾਤਰ ਮਿਲ਼ਦੀ ਹੈ ਜਾਂ ਅਸਪਸ਼ਟ ਜਿਹੀ ਮਿੱਥ ਮਿਲ਼ਦੀ ਹੈ। ਇਸ
ਲਈ ਪੁਸਤਕ ਦਾ ਅਕਾਰ ਵਧਾਉਣ ਦੀ ਬਜਾਇ ਇਸ ਅੰਦਰ ਵਧੇਰੇ ਜਾਣਕਾਰੀ ਭਰਨ ਦੀ ਕੋਸ਼ਿਸ਼ ਕੀਤੀ ਹੈ। ਇਹ
ਕਿਤਾਬ ਮੇਰੀ ਛੇ-ਸੱਤ ਸਾਲਾਂ ਦੀ ਮਿਹਨਤ ਹੈ।ਇਹ
ਟੇਬਲ ਵਰਕ ਨਹੀ ਸੀ।ਇਹ ਇਕ ਤਰ੍ਹਾਂ ਦਾ ਜਾਨੂੰਨੀ ਕੰਮ ਸੀ। ਭਾਵੇਂ ਇਸ ਕੰਮ ਵਿਚ ਅਥਾਹ ਮੁਸ਼ਕਲਾਂ
ਦਾ ਸਾਹਮਣਾ ਕਰਨਾ ਪਿਆ ਹੋਵੇਗਾ ਪਰ ਜਦੋਂ ਜਨੂੰਨ ਸਿਰ ਚੜ੍ਹ ਕੇ ਬੋਲਦਾ ਹੈ ਤਾਂ ਮੁਸ਼ਕਲਾਂ ਪਹਾੜ
ਦਿਖਾਈ ਨਹੀ ਦੇਂਦੀਆਂ।ਚਿੰਤਕ ਵਿਦਵਾਨ ਡਾ. ਸ਼ਹਰਯਾਰ ਹੁਰਾਂ ਦੇ ਦਿਖਏ ਰਾਹ ਅਤੇ ਪ੍ਰਮਿੰਦਰਜੀਤ
ਹੁਰਾਂ ਦੇ ਉਤਸ਼ਾਹ ਤੋਂ ਬਗੈਰ ਇਸ ਕਿਤਾਬ ਰੂਪੀ ਯਤਨ ਦਾ ਸਿਰੇ ਚੜ੍ਹ ਸਕਣਾ ਸ਼ਾਇਦ ਸੰਭਵ ਨਾ
ਹੁੰਦਾ।ਗੁਰਬਿੰਦਰ ਬਾਗੀ ਦਾ ਵੀ ਸ਼ੁਕਰਗੁਜ਼ਾਰ ਹਾਂ ਜਿਸਨੇ ਕੈਮਰਾ ਲੈ ਕੇ ਮੇਰਾ ਸਾਥ ਦਿੱਤਾ ਅਤੇ
ਫੋਟੋਆਂ ਦੀ ਵੰਨ-ਸੁਵੰਨਤਾ ਨਾਲ਼ ਕਿਤਾਬ ਨੂੰ ਨਿਖਾਰਿਆ।
ਆਸ ਹੈ ਸੂਝਵਾਨ ਪਾਠਕ ਮੇਰੇ ਇਸ ਛੋਟੇ ਜਿਹੇ ਯਤਨ ਵਿਚ
ਰਹਿ ਗਈਆਂ ਊਣਤਾਈਆਂ ਵੱਲ ਤਵੱਜੋ ਦਿਵਾਉਣਗੇ ਤੇ ਭਵਿਖ ਵਿਚ ਮੇਰੀ ਸੀਮਤ ਜਾਣਕਾਰੀ ਵਿਚ ਵਾਧਾ
ਕਰਨਗੇ।
****
No comments:
Post a Comment