ਥੇਹਾਂ ਦਾ ਰਹੱਸ ਅਤੇ ਛੀਨਿਆਂ ਵਾਲਾ ਥੇਹ

ਥੇਹਾਂ ਬਾਰੇ  ਜਿਨ੍ਹਾਂ ਵੀ ਲਿਖਿਆ ਸੁਣਿਆ ਮਿਲ਼ਦਾ ਹੈ ਉਸਤੋਂ ਕੋਈ ਪਰਪੱਕ ਰਾਇ ਬਣਾਉਣੀ ਮੁਸ਼ਕਲ ਹੈ ਪਰ ਕਹੀਆਂ-ਸੁਣੀਆਂ ਦੇ ਅਧਾਰ 'ਤੇ ਸੱਚਾਈ ਦੇ ਨੇੜੇ ਜਰੂਰ ਪਹੁੰਚਿਆ ਜਾ ਸਕਦਾ ਹੈ।ਇਕ ਗੱਲ ਪ੍ਰਤੱਖ ਹੈ ਕਿ ਇਹ ਥੇਹ ਜਾਂ ਟਿੱਬੇ ਤਬਾਹ ਹੋਈ ਪ੍ਰਾਚੀਨ ਸਭਿਅਤਾ ਦੀਆਂ ਨਿਸ਼ਾਨੀਆਂ ਸ਼ਹਿਰ ਜਾਂ ਵਪਾਰਕ ਕੇਂਦਰ ਹਨ। ਇਹਨਾਂ ਥੇਹਾਂ ਨੂੰ ਕਿਸੇ ਇਕ ਸਭਿਅਤਾ ਨਾਲ਼ ਜੋੜਨਾ ਕਾਫੀ ਮੁਸ਼ਕਲ ਲੱਗਦਾ ਹੈ। ਸੰਭਵ ਹੈ ਕਿ ਇਹ ਥੇਹ ਵੱਖ-ਵੱਖ ਸਭਿਅਤਾਵਾਂ ਦੇ ਤਬਾਹ ਨਗਰ ਹਨ।1947 ਦੇ ਭਿਆਨਿਕ ਦੰਗਿਆਂ ਵੇਲੇ ਜ਼ਿਆਦਾਤਰ ਉਜੜੇ ਸ਼ਹਿਰ ਕਸਬੇ ਭਾਵੇਂ ਦੁਬਾਰਾ ਅਬਾਦ ਕਰ ਲਏ ਗਏ। ਪਰ ਕੁਝ ਨਗਰ ਜੋ ਦੁਬਾਰਾ ਵੱਸ ਨਾ ਸਕੇ ਥੇਹਾਂ ਦਾ ਰੂਪ ਧਾਰ ਗਏ। ਇਹਨਾਂ ਵਿਚ ਹੀ ਅਟਾਰੀ ਨੇੜਲਾ ਕਸਬਾ ਪੁੱਲ ਕੰਜਰੀ ਹੈ। ਭਾਵੇਂ ਥੇਹ ਦਾ ਕਾਫੀ ਹਿੱਸਾ ਪੱਧਰਾ ਕਰ ਦਿੱਤਾ ਗਿਆ ਪਰ ਕਾਫੀ ਬਚਿਆ ਹੋਇਆ ਹੈ।

ਇਹ ਵੀ ਸੰਭਵ ਹੈ ਕਿ  ਥੇਹ ਅਚਾਨਿਕ ਆਈ ਕਿਸੇ ਕੁਦਰਤੀ ਆਫਤ ਕਾਰਨ ਜਿਵੇਂ ਵੱਡੀ ਸੁਨਾਮੀ, ਧਰਤੀ ਨਾਲ਼ ਕਿਸੇ ਉਲਕਾ ਪਿੰਡ ਟਕਰਾਉਣ ਵਰਗੀ ਕਿਸੇ ਘਟਨਾ ਨਾਲ਼ ਅਚਾਨਿਕ ਤਬਾਹ ਹੋਏ ਹੋਣ। ਅਤੇ ਵੱਖ-ਵੱਖ ਸਮੇਂ ਕੁਝ ਕਾਰਨਾ ਕਰਕੇ ਨਗਰਾਂ ਦਾ ਥੇਹ ਹੋਣਾ ਜਾਰੀ ਰਿਹਾ ਹੋਵੇਗਾ।ਇਹਨਾਂ ਕਾਰਨਾ ਵਿਚ ਸੋਕਾ, ਹੜ੍ਹ, ਜਾਂ ਭੁਚਾਲ਼ ਨਾਲ਼ ਨਗਰ ਦਾ ਅਚਾਨਿਕ ਤਬਾਹ ਹੋ ਜਾਣਾ, ਨਗਰ ਵਿਚ ਕਿਸੇ ਮਹਾਂਮਾਰੀ ਦਾ ਫੈਲਣਾ, ਜਾਂ ਕੋਈ ਵਹਿਮ-ਭਰਮ, ਕਿਸੇ ਗੈਬੀ ਕਰੋਪੀ ਤੋਂ ਬਚਣ ਲਈ ਨਗਰ ਛੱਡ ਕੇ ਕਿਸੇ ਹੋਰ ਇਲਾਕੇ ਵਿਚ ਪਰਵਾਸ ਕਰ ਜਾਣਾ ਆਦਿ ਰਹੇ ਹੋਣਗੇ।

ਸਿੰਧ ਘਾਟੀ ਦੀ ਸਭਿਅਤਾ ਦੇ ਜ਼ਿਆਦਾਤਰ ਨਗਰ ਜ਼ਮੀਨ ਦੀ ਖੁਦਾਈ ਦੌਰਾਨ ਧਰਤੀ ਦੀ ਸਤਹਿ ਦੇ ਹੇਠੋਂ ਮਿਲ਼ੇ। ਬਹੁਤ ਸਾਰੇ ਥੇਹ ਈਸਾ ਤੋਂ ਤਿੰਨ ਹਜਾਰ ਸਾਲ ਅਤੇ ਕੁਝ ਛੇ ਹਜ਼ਾਰ ਸਾਲ ਪੁਰਾਣੇ ਹਨ।ਥੇਹਾਂ ਵਿਚੋਂ ਮਿਲ਼ੀਆਂ ਸ਼ਾਸ਼ਕਾਂ ਅਤੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਕਾਫੀ ਹੱਦ ਤੱਕ ਇਸ ਪਾਸੇ ਸੰਕੇਤ ਕਰਦੀਆਂ ਹਨ।

ਮਹੱਤਵਪੂਰਨ ਗੱਲ ਹੈ ਕਿ ਜਦੋਂ ਤੋਂ ਵੀ ਥੇਹਾਂ ਸਬੰਧੀ ਖੁਦਾਈ ਜਾਂ ਖੋਜ ਸ਼ੁਰੂ ਹੋਈ ਹੈ, ਧਾਰਨਾਵਾਂ ਲਗਾਤਾਰ ਬਦਲਦੀਆਂ ਰਹੀਆਂ ਹਨ। ਕੁਸ਼ਾਣਾਂ ਨੇ ਲਗਭਗ ਈਸਾ ਤੋਂ 200 ਵਰ੍ਹੇ ਪਹਿਲਾਂ ਭਾਰਤ 'ਤੇ ਹਮਲਾ ਕੀਤਾ ਤੇ ਵਿਸ਼ਾਲ ਸਾਮਰਾਜ ਕਇਮ ਕੀਤਾ। ਉਸ ਸਾਮਰਾਜ ਦਾ ਸਭ ਤੋਂ ਤਾਕਤਵਰ ਰਾਜਾ ਕਨਿਸ਼ਕ ਸੀ। ਉਸ ਵੇਲ਼ੇ ਦੇ ਇਕ ਰੋਮਨ ਇਤਿਹਾਸਕਾਰ ਨੇ ਲਿਖਿਆ ਹੈ ‘ਕਨਿਸ਼ਕ ਨੇ ਇਕ ਸਤੂਪ ਬਣਾਇਆ ਜੋ ਉਸ ਵਿਸ਼ਵ ਦੇ ਸਭ ਤੋਂ ਸ਼ਕਤੀਸ਼ਾਲੀ ਸਾਮਰਾਜ ਦੀ ਸ਼ਾਨ ਦਾ ਪ੍ਰਤੀਕ ਸੀ’। ਇਹ ਸਤੂਪ ਮੁਗਲਾਂ ਵੇਲ਼ੇ ਕੁਦਰਤੀ ਆਫਤਾਂ ਨਾਲ਼ ਢਹਿਢੇਰੀ ਹੋ ਗਿਆ ਜਿਸਦਾ ਖੰਡਰ ਹੁਣ ਤੱਕ ਬਚੇ ਹੋਏ ਹਨ। ਪਿਸ਼ਾਵਰ ਨੇੜੇ ਖੁਦਾਈ ਦੇ ਦੌਰਾਨ ਕੁਸ਼ਾਣਾ ਦਾ ਬਣਾਇਆ ਵਿਸ਼ਾਲ ਕਿਲਾ ਮਿਲ਼ਿਆ। ਕੁਸ਼ਾਣਾ ਨੇ ਕਾਬਲ ਨੂੰ ਵੀ ਰਾਜ ਸੱਤਾ ਦਾ ਕੇਂਦਰ ਬਣਾਇਆ ਤੇ ਯੋਰਪ ਦੇ ਕਈ ਦੇਸ਼ਾਂ ਤੱਕ ਵਪਾਰ ਸ਼ੁਰੂ ਕੀਤਾ। ਰੋਮਨ ਵਿਦਵਾਨਾਂ ਦੀਆਂ ਲਿਖਤਾਂ ਵਿਚ ਭਾਰਤ ਨਾਲ਼ ਹੁੰਦੇ ਵਪਾਰ ਦੇ ਕਈ ਸਬੂਤ ਮਿਲ਼ਦੇ ਹਨ। ਕਨਿਸ਼ਕ ਨੇ ਆਪਣੀਆਂ ਕਈ ਮੂਰਤੀਆਂ ਬਣਾਈਆਂ। ਮਹਾਤਮਾ ਬੁੱਧ ਦੀਆਂ ਮੂਰਤੀਆਂ ਤਾਂ ਤਾਲਿਬਾਨਾਂ ਨੇ ਨਸ਼ਟ ਕਰ ਦਿੱਤੀਆਂ ਪਰ ਕਨਿਸ਼ਕ ਦਾ ਇਕ ਸਤੂਪ ਅੱਜ ਵੀ ਮਿਲ਼ਦਾ ਹੈ ਜਿਸ 'ਤੇ ਦਰਜ ਹੈ ਕਿ ' ਉਸਨੂੰ ਸੱਤਾ ਦੇਵ ਲੋਕ ਸੌਂਪ ਕੇ ਗਏ ਹਨ ਤੇ ਉਹ ਭਾਰਤਵਰਸ਼ 'ਤੇ ਹਜਾਰਾਂ ਸਾਲ ਸ਼ਾਨੋਸ਼ੌਕਤ ਨਾਲ਼ ਰਾਜ ਕਰੇਗਾ'। ਕਾਬਲ ਨੇੜੇ ਮਕਾਨ ਦੀ ਉਸਾਰੀ ਜਾਂ ਕਿਸੇ ਹੋਰ ਕਾਰਨ ਖੁਦਾਈ ਦੀ ਲੋੜ ਪਵੇ ਤਾਂ ਕਨਿਸ਼ਕ ਦੀ ਤਸਵੀਰ ਵਾਲੇ ਸਿੱਕੇ ਅੱਜ ਵੀ ਮਿਲ਼ ਜਾਂਦੇ ਹਨ।

ਕਈ ਵਿਦਵਾਨ ਭਾਰਤੀ ਮਿੱਥਕ ਕਹਾਣੀ ਦੇ ਪਾਤਰ ਰਾਜਾ ਕੰਸ ਨੂੰ ਕਨਿਸ਼ਕ ਮੰਨਦੇ ਹਨ।ਉੰਝ ਰਾਜਾ ਕੰਸ ਵੀ ਕਨਿਸ਼ਕ ਵਾਂਗ ਆਪਣੀ ਪੂਜਾ ਕਰਾਉਣ ਦਾ ਚਾਹਵਾਨ ਅਤੇ ਹੰਕਾਰੀ ਸੀ। ਭਗਵਾਨ ਕ੍ਰਿਸ਼ਨ ਨੇ ਨਰਸਿੰਘ ਦਾ ਰੁਪ ਲੈ ਕੇ ਉਸਦਾ ਖਾਤਮਾ ਕੀਤਾ।  ਅਸਲ ਵਿਚ ਭਾਰਤੀ ਲੋਕ ਕੁਸ਼ਾਣਾਂ ਨੂੰ ਵਿਦੇਸ਼ੀ ਸਮਝਦੇ ਸਨ ਤੇ ਉਹਨਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਸਨ ਉਹਨਾਂ ਜਗ੍ਹਾ-ਜਗ੍ਹਾ ਬਗਾਵਤ ਕਰ ਦਿੱਤੀ ਤੇ  ਇਹ ਬਗਾਵਤ ਲਗਭਗ 100 ਸਾਲ ਤੱਕ ਚਲੀ। ਕੁਸ਼ਾਣ ਰਾਜਾ ਕਨਿਸ਼ਕ ਦੇ ਬੁੱਤ ਅਤੇ ਸਤੂਪ  ਤੋੜ ਦਿੱਤੇ ਗਏ। ਉਸਦੇ ਬੁੱਤਾਂ ਦੇ ਸਿਰ ਅਤੇ ਅਤੇ ਬਾਹਵਾਂ ਵੱਢ ਦਿੱਤੀਆਂ ਗਈਆਂ। ਕੁਸ਼ਾਣਾ ਦੀਆਂ ਕਈ ਨਗਰੀਆਂ ਥੇਹ ਕਰ ਦਿੱਤੀਆਂ ਗਈਆਂ। ਇਹਨਾਂ ਥੇਹਾਂ 'ਚੋਂ ਰਾਜਾ ਕੁਸ਼ਾਣ ਦੇ ਵੱਢੇ ਹੋਏ ਹੱਥਾਂ ਅਤੇ  ਅਤੇ ਸਿਰਾਂ ਵਾਲ਼ੀਆਂ ਮੂਰਤੀਆਂ ਮਿਲ਼ਦੀਆਂ ਹਨ।

ਉਪਰੋਕਤ ਵਿਥਿਆ ਦੱਸਣ ਦਾ ਅਰਥ ਇਹ ਹੈ ਕਿ ਮਾਝੇ ਦੇ ਵਿਸ਼ਾਲ ਥੇਹ 'ਛੀਨਿਆਂ ਵਾਲ਼ਾ ਥੇਹ' ਬਾਰੇ ਇਕ ਮਿਥ ਇਹ ਵੀ ਮਿਲ਼ਦੀ ਹੈ ਕਿ ਇੱਥੇ ਕਿਸੇ ਭਾਰਤੀ ਰਾਜੇ ਨੇ ਚੀਨੀ ਕੈਦੀਆਂ ਨੂੰ ਕਤਲ ਕੀਤਾ ਸੀ। ਹੋ ਸਕਦਾ ਹੈ ਕਿ ਭਾਰਤ ਦੇ ਸਥਾਨਿਕ ਲੋਕਾਂ ਅਤੇ ਕੁਸ਼ਾਣਾਂ ਵਿਚ ਹੋਏ ਟਕਰਾਅ ਵਿਚ ਕੁਸ਼ਾਣਾ ਦੀ ਕੋਈ ਨਗਰੀ ਤਬਾਹ ਹੋਈ ਹੋਵੇ।ਛੀਨਿਆਂ ਵਾਲ਼ੇ ਥੇਹ 'ਤੇ ਬਿਖਰੀਆਂ ਹੱਡੀਆਂ, ਮਨੁੱਖੀ ਪਿੰਜਰ, ਊਠਾਂ, ਬੈਲ਼ਾਂ, ਘੋੜਿਆਂ ਦੇ ਪਿੰਜਰ ਇਸ ਪਾਸੇ ਸੰਕੇਤ ਕਰਦੇ ਹਨ। ਛੀਨਿਆਂ ਵਾਲ਼ੇ ਥੇਹ ਤੋਂ ਫੌਜੀ ਸਮਾਨ ਪੱਥਰ ਦੇ ਨਿੱਕੇ-ਵੱਡੇ ਗੋਲ਼ੇ ਆਦਿ ਮਿਲ਼ਿਆ ਹੈ।

ਥੇਹਾਂ ਬਾਰੇ ਖਿਆਲ ਮਨ ਵਿਚ ਆਉਂਦਿਆਂ ਹੀ ਮਨ ਵਿਚ ਇਹਨਾਂ ਥੇਹਾਂ ਵਿਚ ਦਫਨ ਵਸਤੂਆਂ, ਮਾਨਵ ਅਤੇ ਜਾਨਵਰਾਂ ਦੇ ਪਿੰਜਰ,ਬਰਤਨਾਂ, ਹਥਿਆਰ ਆਦਿ ਬਾਰੇ ਜਾਨਣ ਦੀ ਤੀਬਰ ਉਤਸੁਕਤਾ ਪੈਦਾ ਹੋ ਜਾਂਦੀ ਹੈ।ਉਹ ਕੌਣ ਲੋਕ ਸਨ ਜਿਹਨਾਂ ਦੇ ਪਿੰਜਰ ਅਤੇ ਹਥਿਆਰ ਇਹਨਾਂ ਥੇਹਾਂ ਵਿਚ ਦਫਨ ਹਨ।ਇੱਥੇ ਕਦੀ ਧੜਕਦੀ ਜਿੰਦਗੀ ਬੇਜਾਨ ਥੇਹ ਦਾ ਰੂਪ ਕਿਵੇਂ ਧਾਰ ਗਈ ਭਾਰਤੀ ਮਿਥਿਹਾਸਿਕ ਕਥਾਵਾਂ ਵਿਚ ਅਕਸਰ ਜ਼ਿਕਰ ਮਿਲਦਾ ਹੈ ਕਿ ਕਿਸੇ ਮਹਾਂਰਿਸ਼ੀ ਨੇ ਅਣਚਾਹੇ ਕਾਰਨਾਂ ਤੋਂ ਦੁਖੀ ਹੋ ਕਿਸੇ ਨਗਰੀ ਨੂੰ ਥੇਹ ਹੋ ਜਾਣ ਦਾ ਸਰਾਪ ਦੇ ਦਿੱਤਾ ਤਾਂ ਨਗਰੀ ਦੀ ਧੜਕਦੀ ਹਲਚਲ ਭਰੀ ਜ਼ਿੰਦਗੀ ਥੇਹ ਦਾ ਰੂਪ ਧਾਰ ਗਈ।ਪਰ ਜਦੋਂ ਤਰਕ ਦੀ ਪੱਧਰ 'ਤੇ ਗੱਲ ਨੂੰ ਵਿਚਾਰੀਏ ਤਾਂ ਖੋਜੀ ਮਨ ਅੰਦਰ ਸਵਾਲ ਲਾਵੇ ਵਾਂਗ ਫੁੱਟਦੇ ਹਨ ਸਭਿਅਤਾਵਾਂ ਦਾ ਬਣਨਾ-ਟੁੱਟਣਾ ਕੁਦਰਤ ਦਾ ਅਟੱਲ ਨਿਯਮ ਹੈ।ਕਾਰਲ ਮਾਰਕਸ ਦੇ ਸਮਾਜਿਕ ਵਿਕਾਸ ਦੇ ਸਿਧਾਂਤ ਵਾਂਗ। ਪਰ ਸਭਿਅਤਾਵਾਂ ਦੇ ਵਿਕਾਸ-ਵਿਨਾਸ਼ ਲਈ ਦੇਵਤੇ ਦਾ ਸਰਾਪ ਕਾਰਨ ਬਣਿਆਂ ਜਾਂ ਕੁਝ ਹੋਰ ਇਸ ਸਬੰਧੀ ਬਹੁਤ ਸਾਰੇ
ਤੱਥ ਹਨੇਰੇ ਵਿਚ ਹਨ। ਧੁੰਦਲੇ ਮਹਿਸੂਸ ਹੁੰਦੇ ਤੱਥਾਂ 'ਚੋਂ ਅਨੁਮਾਨ ਲਗਾਏ ਜਾ ਸਕਦੇ ਹਨ ਜੋ ਸੱਚਾਈ ਦੇ ਵਧੇਰੇ ਨੇੜੇ ਪ੍ਰਤੀਤ ਹੁੰਦੇ ਹਨ।
ਛੀਨਿਆਂ ਵਾਲ਼ੇ ਥੇਹ ਬਾਰੇ ਗੱਲ ਕਰਨ ਤੋਂ ਪਹਿਲਾਂ ਕੁਝ ਤੱਥਾਂ 'ਤੇ ਵਿਚਾਰ ਕਰਨੀ ਬਣਦੀ ਹੈ ਸਭ ਤੋਂ ਪਹਿਲਾ ਤੱਥ ਇਹ ਹੈ ਕਿ ਅਜਿਹੇ ਥੇਹ ਹਜਾਰਾਂ ਦੀ ਤਾਦਾਦ ਵਿਚ ਹਨ। ਮਾਝੇ ਦੇ ਦਰਜਨਾਂ ਪਿੰਡਾ ਵੱਲ ਝਾਤ ਮਾਰਨ 'ਤੇ ਪਤਾ ਲੱਗਦਾ ਹੈ ਕਿ ਜੋ ਪਿੰਡ ਸਦੀਆਂ ਪਹਿਲਾਂ ਵਸਾਏ ਗਏ ਉਹ ਸਾਰੇ ਥੇਹਾਂ 'ਤੇ ਵੱਸੇ ਹੋਏ ਹਨ। ਪਰ ਇਹ ਗੱਲ ਨਵੇਂ ਵੱਸੇ ਪਿੰਡਾਂ 'ਤੇ ਲਾਗੂ ਨਹੀਂ ਹੁੰਦੀ।

ਜਦੋਂ ਪਿੰਡ ਵਸਾਏ ਜਾਂਦੇ ਸਨ ਤਾਂ ਕਬੀਲੇ ਦਾ ਮੁਖੀ ਅਤੇ ਸਿਆਣਾ ਵਿਅਕਤੀ ਜਗ੍ਹਾ ਦੀ ਚੋਣ ਕਰਦੇ। ਆਸੇ-ਪਾਸੇ ਖੁੱਲੀਆਂ ਚਰਾਦਾਂ ਤੇ ਪਾਣੀ ਦਾ ਕੋਈ ਸੋਮਾ ਹੋਣਾ ਜਰੂਰੀ  ਸੀ। ਇਕ ਜਗ੍ਹਾ 'ਤੇ ਕੁਝ ਧਾਰਮਿਕ ਰਸਮਾਂ ਤੋਂ ਬਾਅਦ ਪਿੰਡ ਬੱਝਣ ਦੀ ਕਾਰਵਾਈ ਸ਼ੁਰੂ ਹੁੰਦੀ। ਅਗਰ ਨੇੜੇ-ਤੇੜੇ ਜਗ੍ਹਾ ਪਹਿਲਾਂ ਉੱਚੀ ਹੁੰਦੀ ਤਾਂ ਠੀਕ ਸੀ ਨਹੀਂ ਖੱਚਰਾਂ ਜਾ ਬੈਲਗੱਡੀਆਂ ਰਾਹੀਂ ਬਾਹਰੋਂ ਮਿੱਟੀ ਲਿਆ ਕੇ ਜਗ੍ਹਾ ੳੁੱਚੀ ਕੀਤੀ ਜਾਂਦੀ । ਕਈ ਪਿੰਡਾਂ ਦੇ ਦੁਆਲ਼ੇ ਮਿੱਟੀ ਦੀ ਚੌੜੀ ਦੀਵਾਰ ਹੁੰਦੀ, ਜਦੋਂ ਪਿੰਡ 'ਤੇ ਧਾੜ ਪੈਂਦੀ ਤਾਂ ਪਿੰਡ ਦੇ ਮਰਦ- ਔਰਤਾਂ ਇਕੱਠੇ ਹੋ ਕੇ  ਪੱਥਰ ਦੇ ਗੋਲ਼ੇ ਛੋਟੇ- ਵੱਡੇ ਗੁਲੇਲਿਆਂ ਰਾਹੀਂ ਧਾੜ ਬਣਕੇ ਆਏ ਵੈਰੀ 'ਤੇ ਬਰਸਾਏ ਜਾਂਦੇ। ਵੈਰੀ ਪਿਛਾਂਹ ਭੱਜਣ ਲਈ ਮਜਬੂਰ ਹੋ ਜਾਂਦਾ। ਔਲ਼ਖਾਂ ਵੱਲੋਂ ਮਾਝੇ 'ਚ ਬੰਨ੍ਹੇ ਪਿੰਡ  ਇਸੇ ਤਰਕੀਬ ਨਾਲ਼ ਵਸਾਏ ਗਏ।

ਵੱਖ-ਵੱਖ ਜਾਤੀਆਂ ਤੇ ਕਬੀਲੇ ਆਪਣਾ ਇਲਾਕਾ ਕਈ ਕਾਰਨਾਂ ਕਰਕੇ ਬਦਲਦੇ ਰਹਿੰਦੇ ਸਨ, ਇਹਨਾਂ ਗੱਲਾਂ ਵਿਚ ਰਾਜਨੀਤਕ ਉਥਲ-ਪੁਥਲ, ਭੁਚਾਲ, ਸੋਕਾ, ਚਰਾਦਾਂ ਦੀ ਭਾਲ, ਹੜ੍ਹ,ਮਹਾਂਮਾਰੀ ਆਦਿ ਸਨ। ਜਦੋਂ ਕੋਈ ਕਬੀਲਾ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਪਰਵਾਸ ਕਰ ਜਾਂਦਾ ਤਾਂ ਪਿੱਛੇ ਇਕ ਥੇਹ ਬਚ ਜਾਂਦਾ।

ਇਹ ਗੱਲ ਮਹੱਤਵਪੂਰਨ ਹੈ ਕਿ ਬਹੁਤੇ ਥੇਹਾਂ ਵਿਚੋਂ ਮਿਲ਼ਨ ਵਾਲੀਆਂ ਵਸਤਾਂ ਵਿਚ ਕਾਫੀ ਸਮਾਨਤਾ ਹੈ। ਛੀਨਿਆਂ ਵਾਲ਼ੇ ਥੇਹ ਦਾ ਅਧਿਅਨ ਕਰਨ ਤੋਂ ਪਤਾ ਲੱਗਦਾ ਹੈ ਕਿ ਇਸ ਥੇਹ ਦੀ ਵਰਤੋਂ ਕਈ ਤਰ੍ਹਾਂ ਨਾਲ਼ ਹੁੰਦੀ ਰਹੀ ਹੋਵੇਗੀ।ਪਰ ਇਸ ਥੇਹ ਵਿਚੋਂ ਹੋਰ ਕਈ ਥੇਹਾਂ ਵਾਂਗ ਕੋਈ ਉਸਾਰੀ ਨਹੀ ਮਿਲ਼ੀ। ਸਭ ਤੋਂ ਪਹਿਲਾਂ ਇਸ ਥੇਹ ਵਾਲ਼ੀ ਜਗ੍ਹਾ ਦੀ ਵਰਤੋਂ ਕਬਰਸਿਤਾਨ ਦੇ ਰੂਪ ਵਿਚ ਹੋਈ। ਪ੍ਰਸਿੱਧ ਇਤਿਹਾਸਕਾਰ ਡਾ. ਰੋਮਿਲਾ ਥਾਪਰ ਨੇ ਵਰਨਣ ਕੀਤਾ ਹੈ ' ਹੜੱਪਾ ਕਾਲ ਵਿਚ ਈਸਾ ਦੀ ਸ਼ਤਾਬਦੀ ਦੇ ਸ਼ੁਰੂ ਤੱਕ  ਭਾਰਤੀ ਕਬੀਲਿਆਂ ਵਿਚ ਰਿਵਾਜ ਰਿਹਾ ਕਿ ਉਹ ਮੁਰਦੇ ਨੂੰ ਮਿੱਟੀ ਦੇ ਭਾਂਡਿਆਂ ਦੀ ਟੁੱਟ-ਭੱਜ ਵਿਚਕਾਰ ਕਬਰਾਂ ਬਣਾ ਕੇ ਦਫਨ ਕਰਦੇ ਸਨ।ਮਿੱਟੀ ਦੇ ਭਾਂਡਿਆਂ ਦੀ ਟੁੱਟ-ਭੱਜ ਵਿਛਾਅ ਕੇ ਕਬਰ ਤਿਆਰ ਹੁੰਦੀ ਅਤੇ ਮੁਰਦੇ ਨੂੰ ਉਪਰ ਲਿਟਾਅ ਕੇ ਫਿਰ ਬਰਤਨਾਂ ਦੀ ਟੁੱਟ-ਭੱਜ ਪਾ ਕੇ ਉਪਰ ਮਿੱਟੀ ਪਾਈ ਜਾਂਦੀ। ਇਹ ਰਸਮ ਸਮਾਂ ਬਤਿਣ ਨਾਲ਼ ਅੰਸ਼ਕ ਰੂਪ ਵਿਚ ਅੱਜ ਵੀ ਤੁਰੀ ਆਉਂਦੀ ਹੈ। ਜਦੋਂ ਮ੍ਰਿਤਕ ਦੇ ਸਿਰ ਵਾਲ਼ੇ ਪਾਸੇ ਮਿੱਟੀ ਦਾ ਬਰਤਨ ਤੋੜਿਆ ਜਾਂਦਾ ਹੈ।

ਹਿਸਟਰੀ ਆਫ ਇੰਡੀਆ ਵਿਚ ਉਹ ਲਿਖਦੀ ਹੈ:

ੳ ਰਟਿੁੳਲ ਾੳਸ ਪੋਪੁਲੳਰ ਨਿ ੀਨਦੳਿ ਟਲਿਲ 200 ਚੲਨਟੁੳਰੇ ਟਹੳਟ ਪੲੋਪਲੲ
ਬੁਰਇਦ  ਦੲੳਦ ਬੋੳਦੇ ੳਟ ਟਹੲ ਟੋਮਬ ੋਡ ਸਚਰੳਬ ੋਡ ੲੳਰਟਹ ਵੲਸਸੲਲਸ.
ਟਹਏ ਾੲਰੲ ਪੁਟ ਟਹੲ ਦੲੳਦ ਬੋੳਦੇ ੋਨ ਬਰੋਕੲਨ ੲੳਰਟਹ ਵੲਸਸੲਲਸ ੳਨਦ
ਟੋਮਬ ਾੳਸ ਬੲਚੳਮੲ ੲਣਸਿਟ.

ਛੀਨਿਆਂ ਵਾਲ਼ੇ ਥੇਹ ਤੋਂ ਵੱਡੀ ਗਿਣਤੀ ਵਿਚ ਮਿਲ਼ੀ ਮਿੱਟੀ ਦੇ ਭਾਂਡਿਆਂ ਦੀ ਟੁੱਟ-ਭੱਜ ਅਤੇ ਇਸ ਟੁੱਟ-ਭੱਜ 'ਚੋਂ ਮਿਲ਼ ਰਹੇ ਪਿੰਜਰ  ਇਸ ਤੱਥ ਦੀ ਪ੍ਰੋੜਤਾ ਕਰਦੇ ਹਨ। ਮੁਰਦਿਆਂ ਨਾਲ਼ ਨਿੱਤ ਵਰਤੋਂ ਦੀਆਂ ਕੁਝ ਚੀਜਾਂ ਰੱਖਣ ਦਾ ਰਿਵਾਜ਼ ਸੀ। ਉਸਦੇ ਪਸ਼ੂਧਨ ਨੂੰ ਵੀ ਨਾਲ਼ ਹੀ ਦਬਾਇਆ ਜਾਂਦਾ।

ਸਾਨੂੰ ਪਿੰਡ ਦੇ ਇਕ ਬਜੁਰਗ ਨੇ ਦੱਸਿਆ ਕਿ ਇਸ ਥੇਹ ਦਾ ਸਬੰਧ ਹਰਸ਼ ਵਰਧਨ ਕਾਲ ਨਾਲ ਹੈ ਜਿਸ ਤੋਂ ਇਸਦਾ ਨਾਮ ਹਰਸ਼ਾ-ਛੀਨਾ ਪੈ ਗਿਆ। ਇੱਥੇ ਪਿੰਜਰਾਂ ਨਾਲ਼ ਭਰਿਆਂ ਇਕ ਖੂਹ ਵੀ ਮਿਲ਼ਿਆ। ਅਤੇ ਇਸਲਾਮੀ ਕਾਲ਼ ਦੇ ਸਿੱਕੇ ਅਤੇ ਮੋਹਰਾਂ ਵੀ ਪ੍ਰਾਪਤ ਹੁੰਦੀਆਂ ਹਨ। ਬੱਚਿਆਂ ਦੇ ਖਿਡਾਉਣੇ ਵੀ ਪੱਥਰ ਦੇ ਬਣੇ ਮਿਲ਼ਦੇ ਹਨ। ਪੱਕੀ ਉਸਾਰੀ ਨਹੀਂ ਮਿਲ਼ੀ ਪਰ ਪੱਕੀਆਂ ਇੱਟਾਂ ਕਾਫੀ ਮਾਤਰਾ ਵਿਚ ਮਿਲ਼ਦੀਆਂ ਹਨ। ਇਕ ਚੱਕੀ ਦਾ ਪੁੜ ਵੀ ਮਿਲ਼ਿਆ। ਕੁਝ ਵੱਖ-ਵੱਖ ਧਾਤੂਆਂ ਦੇ ਮੋਤੀ ਵੀ ਹਨ।

ਅਜਕਲ ਇਸ ਜਗ੍ਹਾ ਦੇ ਆਸ-ਪਾਸ ਰਾਜਪੂਤ ਰਾਅ ਸਿੱਖਾਂ ਨੇ ਸੰਗਾੜਿਆਂ ਤੇ ਕਮਲ ਦੀ ਖੇਤੀ ਕੀਤੀ ਹੋਈ ਹੈ। ਨੇੜੇ ਇਕ ਛੰਭ ਵੀ ਹੈ। ਉਂਝ ਹਰਸ਼ਾ ਦਾ ਫਾਰਸੀ ਵਿਚ ਅਰਥ 'ਤਿੰਨ' ਹੈ। ਇੱਥੇ ਤਿੰਨ ਪਿੰਡ ਕੋਲ਼-ਕੋਲ਼ ਹਨ: ਛੀਨਾ ਵਿਚਲਾ ਕਿਲਾ, ਛੀਨਾ ਉਚਾ ਕਿਲਾ, ਅਤੇ ਹਰਸ਼ਾ ਛੀਨਾ। ਥੇਹ ਦੀ ਉਚਾਈ ਕਰੀਬ ਪੰਜਾਹ ਫੁੱਟ ਹੈ। ਡੇਢ ਇਕ ਫੁੱਟ ਦੀਆਂ ਚੌੜੀਆਂ ਇੱਟਾਂ ਆਮ ਮਿਲ਼ਦੀਆਂ ਹਨ। ਥੇਹ ਤੋਂ ਘੁਮਿਆਰ ਦਾ ਚੱਕ ਵੀ ਮਿਲ਼ਿਆ। ਜਿਵੇਂ ਕਿ ਕਸੇਲ ਵਾਲ਼ੇ ਲੇਖ ਵਿਚ ਮੈਂ ਲਿਖਿਆ ਹੈ ਕਿ ਜ਼ਿਆਦਾਤਰ ਥੇਹਾਂ ਦੀਆਂ ਤਿੰਨ ਪਰਤਾਂ ਹਨ। ਇਹੀ ਪਰਤਾਂ ਵਾਲ਼ੀ ਗੱਲ ਛੀਨਿਆਂ ਵਾਲ਼ੇ ਥੇਹ 'ਤੇ ਵੀ ਲਾਗੂ ਕੀਤੀ ਜਾ ਸਕਦੀ ਹੈ। ਨਾਥਾਂ ਅਤੇ ਫਕੀਰਾਂ ਨੇ ਸਾਧਨਾ ਲਈ ਇਹਨਾਂ ਉਜਾੜ ਥੇਹਾਂ 'ਤੇ ਆਣ ਡੇਰੇ ਲਾਏ। ਇਕ ਗੀਤ ਵੀ ਹੈ 'ਤੇਰੇ ਟਿੱਲੇ ਤੋਂ ਅਹੁ ਸੂਰਤ ਦੀਹਦੀ ਆ ਹੀਰ ਦੀ, ਅਹੁ ਲੈ ਵੇਖ ਗੋਰਖਾ ਉਡਦੀ ਹੈ ਫੁਲਕਾਰੀ।

ਥੇਹਾਂ ਬਾਰੇ ਸੁਣਦਿਆਂ ਹੀ ਮਨ ਵਿਚ ਜਿਗਿਆਸਾ ਭਰ ਜਾਂਦੀ ਹੈ। ਕਿ ਆਖ਼ਿਰ ਇਹ ਥੇਹ ਕਿਵੇਂ ਬਣੇ? ਇਤਿਹਾਸ ਦੇ ਇਸ ਹਨੇਰੇ ਕਾਂਡ ਨੂੰ ਜਾਨਣ ਦੇ ਯਤਨ ਵਜ੍ਹੋਂ ਅਨੇਕ ਮਿੱਥਾਂ ਅਤੇ ਭਰਮ ਸਿਰਜਿਤ ਹੋ ਜਾਂਦੇ ਹਨ। ਉਸ ਵੇਲ਼ੇ ਅਬਾਦੀ ਕਾਫੀ ਸੰਘਣੀ ਰਹੀ ਹੋਵੇਗੀ। ਕਿਉਂਕਿ ਥੇਹਾਂ ਦੀ ਗਿਣਤੀ ਕਾਫੀ ਹੈ ਅਤੇ ਕੋਲ਼-ਕੋਲ਼ ਹੈ। ਉਦਾਹਰਣ ਵਜ੍ਹੋਂ ਭਿੱਟੇਵੱਢ, ਕੋਹਾਲ਼ੀ, ਝੰਜੋਟੀ, ਮਾਨਾਵਾਲ਼ਾ ਅਤੇ ਛੀਨਿਆਂ ਵਾਲ਼ਾ ਥੇਹ। ਕਈ ਥੇਹਾਂ ‘ਤੇ ਅੱਜ ਵੀ ਨਗਰ ਵੱਸੇ ਹੋਏ ਹਨ।ਬਾਅਦ ਵਿਚ ਇੱਧਰੋਂ-ਉੱਧਰੋਂ ਆ ਕੇ ਵੱਸਣ ਵਾਲ਼ੇ ਕਬੀਲਿਆਂ ਨੇ ਉੱਚੀ ਥਾਂ ਵੇਖ ਕੇ ਆ ਡੇਰੇ ਲਾਏ। ਇਸ ਤਰ੍ਹਾਂ ਜੰਗਲੀ ਜਾਨਵਰਾਂ ਅਤੇ ਲੁਟੇਰਿਆਂ ਦੀਆਂ ਧਾੜਾਂ ਤੋਂ ਕਾਫੀ ਹੱਦ ਤੱਕ ਸੁਰੱਖਿਆ ਰਹਿੰਦੀ।

ਵੱਡੇ ਬਾਂਸ ਜਾਂ ਕਿਸੇ ਲਚਕੀਲੀ ਲੱਕੜ ਨੂੰ ਮੋੜ ਕੇ ਗੋਪੀਏ ਦਾ ਰੂਪ ਦਿੱਤਾ ਜਾਂਦਾ।ਜਿਸ ਰਾਹੀਂ ਅੱਗ ਵਿਚ ਪਕਾਏ ਮਿੱਟੀ ਦੇ ਗੋਲ਼ੇ ਦੁਸ਼ਮਣ ਦੀ ਧਾੜ ‘ਤੇ ਵਰਸਾਏ ਜਾਂਦੇ।ਬੇਰ ਦੇ ਅਕਾਰ ਦੀਆਂ ਗੋਲੀਆਂ ਤੋਂ ਲੈ ਕੇ  ਦਸ ਕਿਲੋਗ੍ਰਾਮ ਤੱਕ ਭਾਰੇ ਗੋਲ਼ੇ ਲੇਖਕ ਨੂੰ ਮਿਲ਼ੇ ਹਨ। ਇਹ ਇਸ ਢੰਗ ਨਾਲ਼ ਵਰਸਾਏ ਜਾਂਦੇ ਕਿ ਦੁਸ਼ਮਣ ਦਾ ਬਚਣਾ ਨਾਮੁਮਕਿਨ ਹੁੰਦਾ ਤੇ ਇਕ ਗੋਲ਼ੇ ਨਾਲ਼ ਅਨੇਕ ਫੱਟੜ ਹੁੰਦੇ।

ਸਭ ਤੋਂ ਵੱਧ ਵਿਵਾਦ ਸਭਿਅਤਾ ਦੇ ਤਬਾਹ ਹੋ ਜਾਣ ਬਾਰੇ ਹੈ।ਲਗਭਗ ਅੱਧੀ ਦੁਨੀਆ ‘ਤੇ ਤਬਾਹ ਹੋਏ ਥੇਹ ਮਿਲ਼ਦੇ ਹਨ। ਇਨ੍ਹਾਂ ਵਿਚ ਏਸ਼ੀਆ ‘ਤੇ ਇਸਦੇ ਨਾਲ਼  ਲੱਗਦੇ ਦੇਸ਼ ਸ਼ਾਮਿਲ ਹਨ। ਏਨੀ ਵਿਆਪਕ ਤਬਾਹੀ ਲਈ ਰਾਜਨੀਤਕ ਕਾਰਨਾਂ ਨੂੰ ਕਦਾਚਿਤ ਜਿੰਵੇਵਾਰ ਨਹੀ ਕਿਹਾ ਜਾ ਸਕਦਾ।

ਇਸ ਤਬਾਹੀ ਦਾ ਇਕ ਕਾਰਨ ਉਲਕਾ ਪਿੰਡ ਦਾ ਧਰਤੀ ਨਾਲ਼ ਟਕਰਾਅ ਜਾਣਾ ਮੰਨਿਆ ਜਾਂਦਾ ਹੈ। ਅੱਜ ਵੀ ਵਿਗਿਆਨੀ ਅਜਿਹੇ ਖਤਰਿਆਂ ਦੀਆਂ ਚਿਤਾਵਨੀਆਂ ਦਿੰਦੇ ਰਹਿੰਦੇ ਹਨ।ਦੋ ਗ੍ਰਹਿਆਂ ਦੀ ਟੱਕਰ ਵੀ ਹੋ ਸਕਦੀ ਹੈ। ਇਹ ਵੀ ਸੰਭਵ ਹੈ ਕਿ ਗੈਸਾਂ ਦੇ ਗੋਲ਼ੇ ਦੇ ਰੂਪ ਵਿਚ ਕੋਈ ਵਿਸ਼ਾਲ ਗ੍ਰਹਿ ਧਰਤੀ ਦੇ ਵਾਯੂਮੰਡਲ ਨਾਲ਼ ਖਹਿ ਕੇ ਲੰਘ ਗਿਆ ਹੋਵੇ  ਅਤੇ ਇਸਦੀ ਗਰਮੀ ਨੇ ਜੀਵ ਜੰਤੂ ਮਾਰ ਦਿੱਤੇ ਹੋਣ ਅਤੇ ਨਗਰ ਤਬਾਹ ਕਰ ਦਿੱਤੇ ਹੋਣ।

ਥੇਹਾਂ ਵਿਚ ਮਿਲਣ ਵਾਲ਼ੇ ਮਰਦਾਂ, ਔਰਤਾਂ ਦੇ ਪਿੰਜਰ ਇਸ ਪਾਸੇ ਵੱਲ ਇਸ਼ਾਰਾ ਕਰਦੇ ਹਨ ਕਿ ਵਿਦੇਸ਼ੀ ਹਮਲਾਵਰਾਂ ਦੇ ਲਗਾਤਾਰ ਹੱਲਿਆਂ ਨੇ ਇਸਦਾ ਅੰਤ ਕਰ ਦਿੱਤਾ। ਪਰ ਥੇਹਾਂ ਵਿਚ ਮਾਨਵੀ ਪਿੰਜਰਾਂ ਦੇ ਨਾਲ਼ ਪਾਲਤੂ ਪਸ਼ੂਆਂ ਦੇ ਪਿੰਜਰ ਵੀ ਮਿਲੇ ਹਨ ਇਸ ਲਈ ਕਤਲੇਆਮ ਵਾਲ਼ੀ ਗੱਲ ਪੂਰੀ ਤਰ੍ਹਾਂ ਢੁਕਵੀਂ ਨਹੀ ਲੱਗਦੀ। ਭੁਚਾਲ ਜਾਂ ਸੁਨਾਮੀ ਵਰਗੀਆਂ ਘਟਨਾਵਾਂ ਦਾ ਵਾਪਰਨਾ ਵਧੇਰੇ ਮੰਨਣਯੋਗ ਹੈ।

ਵਿਗਿਆਨੀ ਚਿਤਾਵਨੀਆਂ ਜਾਰੀ ਕਰ ਰਹੇ ਹਨ ਕਿ ਧਰੁਵਾਂ ‘ਤੇ ਜੰਮੀ ਬਰਫ ਪਿਘਲ ਰਹੀ ਹੈ ਅਤੇ ਸਮੁੰਦਰ ਦੀ ਸਤਹਿ ਫੈਲਦੀ ਜਾ ਰਹੀ ਹੈ। ਸਮੁੰਦਰ ਹੌਲੀ-ਹੌਲ਼ੀ ਧਰਤੀ ਨੂੰ ਨਿਘਲਦਾ ਜਾ ਰਿਹਾ ਹੈ। ਭਾਰਤ ਦੇ ਪ੍ਰਾਚੀਨ ਗ੍ਰੰਥਾਂ ਤੋਂ ਮਹਾਂਸੁਨਾਮੀ ਦੀਆਂ ਕਈ ਸੂਹਾਂ ਮਿਲ਼ਦੀਆਂ ਹਨ। ਵਿਸ਼ਣੂ ਪੁਰਾਣ ਦੇ ਪੰਜਵੇਂ ਸੂਤਰ ਵਿਚ ਦਰਜ ਹੈ:

ਜਦੋਂ ਬਰਖਾ ਦਾ ਜਲ ਸਪਤ ਰਿਸ਼ੀਆਂ ਦੇ ਸਥਾਨ ਤੋਂ ਵੀ ਉੱਚਾ ਹੋ ਜਾਂਦਾ ਹੈ ਤਾਂ ਪੂਰੀ ਤਿਰਲੋਕੀ ਮਹਾਂਸਾਗਰ ਦੇ ਰੂਪ ਵਿਚ ਬਦਲ ਜਾਂਦੀ ਹੈ। ਫਿਰ ਵਿਸ਼ਨੂੰ ਭਗਵਾਨ ਦੇ ਸਵਾਸਾਂ ਤੋਂ ਪੈਦਾ ਹੋਈ ਵਾਯੂ ਇਸ ਜਲ ਨੂੰ ਸਮਾਪਤ ਕਰਨ ਲਈ ਸੌ ਸਾਲ ਤੱਕ ਵਹਿੰਦੀ ਹੈ। ਪ੍ਰਚੰਡ ਹਵਾ ਚੱਲਦੀ ਹੈ ਤੇ ਪ੍ਰਲਐ ਦਾ ਪ੍ਰਕੋਪ ਹੁੰਦਾ ਹੈ। ਵਿਸ਼ਣੂ ਭਗਵਾਨ ਦੇ ਸੁਆਸਾਂ ਤੋਂ ਪੈਦਾ ਹੋਈ ਹਵਾ ਜਲ ਸੋਖ ਲੈਂਦੀ ਹੈ ਤੇ ਦੁਬਾਰਾ ਸ੍ਰਿਸ਼ਟੀ ਦੀ ਰਚਨਾ ਹੁੰਦੀ ਹੈ।ਜਰਾ ਸੋਚੀਏ ‘ਭਉਜਲ’ ਸ਼ਬਦ ਕਿਵੇਂ ਹੋਂਦ ਵਿਚ ਆਇਆ। ਅਤਿ ਔਖੇ ਹਾਲਾਤ ਵੇਲ਼ੇ ਕਿਹਾ ਜਾਂਦਾ ਹੈ ਕਿ ਐਸੀ ਭਉਜਲ ਪਈ ਕਿ ਕੋਈ ਰਾਹ ਨਹੀ ਲੱਭਦਾ। ‘ਭਉਜਲ’ ਅਰਥਾਤ ਭੈਅ ਦਾ ਪਾਣੀ ਜਾਂ ਭਿਅੰਕਰ ਪਾਣੀ।

ਸਿੰਧ ਘਾਟੀ ਦੇ ਸਭਿਅਤਾ ਦੇ ਖੁਦਾਈ ਦੌਰਾਨ ਮਿਲ਼ੇ ਸ਼ਹਿਰਾਂ ਦੀ ਬਣਤਰ ਯੋਜਨਾਬੱਧ ਸੀ। ਸਮਾਜਿਕ ਜੀਵਨ ਬਹੁਤ ਹੀ ਖੁਸ਼ਹਾਲ  ਅਤੇ ਹਰ ਤਰ੍ਹਾਂ ਨਾਲ਼ ਸੱਭਿਅਕ ਸੀ। ਪਰ ਇਸ ਖੁਦਾਈ ਦੌਰਾਨ ਸਭ ਤੋਂ ਹੇਠਾਂ ਇਕ ਹੋਰ ਸਭਿਅਤਾ ਦੇ ਚਿੰਨ੍ਹ ਮਿਲ਼ੇ ਹਨ। ਜਿਸਨੂੰ ‘ਪੂਰਵ ਹੜੱਪਾ’ ਸਭਿਅਤਾ ਦਾ ਨਾਮ ਦਿੱਤਾ ਜਾਂਦਾ ਹੈ। ਪੂਰਵ ਹੜੱਪਾ ਸਭਿਅਤਾ ਵੇਲ਼ੇ ਲਿਪੀ ਵਿਕਸਿਤ ਨਹੀ ਹੋਈ ਅਤੇ ਕੁਝ ਚਿੰਨ੍ਹਾਂ ਤੋਂ ਕੰਮ ਲਿਆ ਜਾਂਦਾ ਹੋਵੇਗਾ।

ਪ੍ਰਤੀਤ ਹੁੰਦਾ ਹੈ ਕਿ ਛੀਨਿਆਂ ਵਾਲ਼ਾ ਥੇਹ ਇਸੇ ਪੂਰਵ ਹੜੱਪਾ ਸਭਿਅਤਾ ਨਾਲ਼ ਸਬੰਧਿਤ ਹੈ।ਇੱਥੋਂ ਮੁਸਲਮਾਨ ਸ਼ਾਸ਼ਕਾਂ ਦੇ ਸਮੇਂ ਦੇ ਵੀ ਕਾਫੀ ਮਾਤਰਾ ਵਿਚ ਸਿੱਕੇ ਮਿਲ਼ਦੇ ਹਨ।ਹਮਲਾਵਰ ਫੌਜ ਇਸ ਥੇਹ ‘ਤੇ ਟਿਕਾਣਾ ਕਰਦੀ ਰਹੀ ਹੋਵੇਗੀ।ਥੇਹ ਦੀ ਉਚਾਈ ਕਾਰਨ ਸੁਰੱਖਿਆ ਪੱਖੋਂ ਫੌਜਾਂ ਇੱਥੇ ਡੇਰੇ ਲਾਉਂਦੀਆਂ ਰਹੀਆਂ ਹੋਣਗੀਆਂ। ਲੱਗਦਾ ਹੈ ਕਿ ਯੁੱਧ ਦੌਰਾਨ ਕਤਲ ਹੋਏ ਸਿਪਾਹੀਆਂ, ਆਮ ਨਾਗਰਿਕਾਂ ਤੋਂ ਇਲਾਵਾ ਇਕ ਸਿਆਹੀਦਾਨ ਜਾਂ ਰੰਗਦਾਨ ਵੀ ਮਿਲਿਆ ਜੋ ਬਰਤਨਾਂ ਆਦਿ ‘ਤੇ ਰੰਗ ਭਰਨ ਲਈ ਵਰਤਿਆ ਜਾਂਦਾ ਹੋਵੇਗਾ। ਮਿੱਟੀ ਨਾਲ਼ ਬਣੀਆਂ ਜਾਨਵਰਾਂ ਅਤੇ ਪੰਛੀਆਂ ਦੀਆਂ ਆਕ੍ਰਿਤੀਆਂ ਵੱਡੀ ਮਾਤਰਾ ‘ਚ ਮਿਲ਼ਦੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਬਰਤਨਾ ‘ਤੇ ਰੰਗ ਹਾਲੇ ਵੀ ਇਵੇਂ ਚਮਕ ਰਹੇ ਸਨ ਜਿਵੇਂ ਹੁਣੇ ਕੀਤੇ ਹੋਣ।ਛੀਨਿਆਂ ਵਾਲ਼ੇ ਥੇਹ ਤੋਂ ਮਿਲ਼ੇ ਮੋਤੀ ਮਿਸਰ ਦੀ ਮੈਸੋਪੋਟਾਮੀਆਂ ਸਭਿਅਤਾ  ਦੀ ਖੁਦਾਈ ਦੇ ਦੌਰਾਨ ਵੀ ਮਿਲ਼ੇ ਹਨ। ਉਸ ਸਮੇਂ ਉੱਤਰ ਭਾਰਤ ਦਾ ਯੂਰਪ ਨਾਲ਼ ਵਿਉਪਾ ਪ੍ਰਚੱਲਿਤ ਰਿਹਾ ਹੋਵੇਗਾ। ਡਾ. ਰੋਮਿਲਾ ਥਾਪਰ ਇਸ ਕਾਲ ਨੂੰ ਨਵ ਪਸ਼ਾਣ ਕਾਲ ਨਾਲ਼ ਜੋੜਦੀ ਹੈ। ਅਤੇ ਇਸਨੰ ਹੜੱਪਾ ਜਾਂ ਸਿੰਧ ਘਾਟੀ ਦੀ ਸਭਿਅਤਾ ਲਈ ਬੀਜ ਰੂਪ ਅਧਾਰ ਮੰਨਦੀ ਹੈ।

ਅੱਜ ਤੋਂ 10 ਹਜਾਰ ਈ: ਪੂ: ਤੱਕ ਮਨੁੱਖ ਨੇ ਪਸ਼ੂਆਂ ਨਾਲ਼ੋਂ ਵੱਖਰੇਵਾਂ ਕਰਨਾ ਸ਼ੁਰੂ ਕਰ ਦਿੱਤਾ ਸੀ। ਮਾਨਵ ਦੇ ਤਜਰਬੇ ‘ਚੋਂ ਅਨੇਕ ਪ੍ਰਕਾਰ ਦੀਆਂ ਕਾਢਾਂ ਅਤੇ ਕਲਾਵਾਂ ਵਿਕਸਿਤ ਹੋ ਰਹੀਆਂ ਸਨ।ਇਸੇ ਪਨਪ ਰਹੀ ਬਿਰਤੀ ‘ਚੋਂ ਮਨੁੱਖ ਨੇ ਸਭਿਅਕ ਹੋਣ ਵਾਲ਼ੇ ਪਾਸੇ ਕਦਮ ਚੁੱਕੇ। ਅਤੇ ਬਸਤੀਆਂ ‘ਚ ਰਹਿਣਾ ਸ਼ੁਰੂ ਕਰ ਦਿੱਤਾ। ਅਨਾਜ ਪੈਦਾ ਕਰਨਾ ਸ਼ੁਰੂ ਕਰ ਦਿੱਤਾ। ਸ਼ਿਕਾਰ ਲਈ ਨਵੀਆਂ ਤਕਨੀਕਾਂ ਅਪਣਾਈਆਂ ਤੇ ਪਸ਼ੂ ਪਾਲਣ ਦਾ ਰਿਵਾਜ਼ ਸ਼ੁਰੂ ਹੋ ਗਿਆ। ਸਿੱਟੇ ਵਜ੍ਹੋਂ ਪੂਰਵ ਹੜੱਪਾ ਸਭਿਅਤਾ ਵਿਕਸਿਤ ਹੋਣ ਲੱਗੀ।

ਉੱਤਰ ਭਾਰਤ ਉਪਜਾਊ ਭੂਮੀ ਹੋਣ ਕਾਰਨ ਇਸ ਸਭਿਅਤਾ ਦਾ ਕੇਂਦਰ ਬਣਿਆ। ਸ਼ੁਰੂ ਵਿਚ ਮਨੁੱਖ ਦੀ ਭਾਲ ਸਿਰਫ ਸ਼ਿਕਾਰ ਤੱਕ ਹੀ ਸੀ। ਅਨਾਜ ਦੀ ਪੈਦਾਵਾਰ ਕਾਰਨ ਪਸ਼ੂਆਂ ਨੂੰ ਕਰੰਸੀ ਦੇ ਰੂਪ ਵਿਚ ਵਰਤਿਆ ਜਾਣ ਲੱਗਾ। ਸ਼ਿਕਾਰ ਲਈ ਨਵੀਆਂ ਤਕਨੀਕਾਂ ਅਪਣਾਈਆਂ ਤੇ ਪਸ਼ੂਆਂ ਨੂੰ ਪਾਲਤੂ ਬਣਾਇਆ ਜਾਣ ਲੱਗਾ। ਪੂਰਵ ਹੜੱਪਾ ਦੀ ਸਭਿਅਤਾ ਵੇਲੇ ਅਤੇ ਹੜੱਪਾ ਸਭਿਅਤਾ ਵੇਲ਼ੇ ਇਹ ਵਿਉਪਾਰ ਦੂਰ ਦੇਸ਼ਾਂਤਰ ਤੱਕ ਫੈਲ ਗਿਆ। ਵਪਾਰ ਅਤੇ ਜਿਆਦਾ ਹਾਸਿਲ ਕਰਨ ਦੀ ਲਾਲਸਾ ਕਾਰਨ ਯੁੱਧਾਂ ਦੇ ਦੌਰ ਚੱਲੇ ਅਤੇ ਰਾਜਨੀਤਕ ਸਰਹੱਦਾਂ ਉਸਰੀਆਂ। ਪਰ ਪਹਿਲਾਂ ਸਰਹੱਦਾਂ ਸਿਰਫ ਭੂਗੋਲਿਕ ਹੀ ਸਨ।

ਇਸ ਸਭਿਅਤਾ ਦੇ ਨਸ਼ਟ ਹੋਣ ਕਾਰਨ ਕਾਰਨਾ ਵਿਚ ਮਹਾਂ ਸੁਨਾਮੀ ਦਾ ਮੱਤ ਸਭ ਤੋਂ ਮਹੱਤਵਪੂਰਨ ਲੱਗਦਾ ਹੈ। ਕੁਝ ਥੇਹਾਂ ‘ਤੇ ਸਮੁੰਦਰੀ ਘੋਗੇ ਅਤੇ ਸੰਖ ਮਿਲ਼ੇ ਹਨ। ‘ਡੇਲਸ’ ਅਤੇ ਰਾਈਕਸ’ ਵਰਗੇ ਵਿਦਵਾਨਾਂ ਨੇ ਇਸ ਮੱਤ ਨੂੰ ਤਰਕਪੂਰਨ ਢੰਗ ਨਾਲ਼ ਪ੍ਰਚਾਰਿਆ।

ਡਾ. ਕਿਰਨ ਕੁਮਾਰ ਥਪਆਲ ਅਤੇ ਡਾ. ਸੰਕਟਾ ਪ੍ਰਸ਼ਾਦ ਸ਼ੁਕਲ ਨੇ ਪੁਸਤਕ ‘ਸਿੰਧੂ ਸਭਿਅਤਾ’ ਵਿਚ ਇਸਦੇ ਤਬਾਹ ਹੋ ਜਾਣ ਦੇ ਕਾਰਨਾ ਦਾ ਜਿਕਰ ਕੀਤਾ ਹੈ। ਹੋਰ ਕਾਰਨਾ ਦੇ ਨਾਲ਼ ਉਹਨਾਂ ਸਭ ਤੋਂ ਵੱਧ ਜੋਰ ‘ਜਲ ਪ੍ਰਲਐ’ ‘ਤੇ ਦਿੱਤਾ।

ਸੰਭਵ ਹੈ ਕਿ ਕੋਈ ਧੂਮਕੇਤੂ ਧਤਰੀ ਨਾਲ਼ ਖਹਿ ਕੇ ਜਾਂ ਕੁਝ ਹਿੱਸੇ ਨਾਲ਼ ਟਕਰਾਅ ਕੇ ਲੰਘ ਗਿਆ ਹੋਵੇ ਇਸਦੀ ਅਗਨ ਨਾਲ਼ ਧਰਤੀ ਦੀ ਉੱਪਰੀ ਪਰਤ ਸੜ ਗਈ ਹੋਵੇਗੀ।ਅਤੇ ਸਾਗਰਾਂ ਵਿਚ ਉਛਾਲ ਆ ਕੇ ਸੁਨਾਮੀ ਆ ਗਈ ਹੋਵੇਗੀ। ਹਜ਼ਰਤ ਨੂਹ ਵੇਲ਼ੇ ਦੇ ਕਿਸੇ ਵਿਨਾਸ਼ਕਾਰੀ ਤੂਫਾਨ ਦਾ ਜਿਕਰ ਮਿੱਥਾਂ ਵਿਚ ਮਿਲ਼ਦਾ ਹੈ। ਕਹਿੰਦੇ ਹਨ ਕਿ ਕੇਵਲ ਇਸ ਤੂਫਾਨ ‘ਚੋਂ ਉਹੋ ਹੀ ਬਚ ਸਕੇ ਜੋ ਹਜ਼ਰਤ ਨੂਹ ਦੇ ਬੇੜੇ ‘ਚ ਸਵਾਰ ਸਨ।

ਪੰਜਾਬੀ ਦੇ ਪ੍ਰਸਿੱਧ ਸ਼ਾਇਰ ਹਰਿੰਦਰ ਸਿੰਘ ਮਹਿਬੂਬ ਦੀ ਲੰਮੀ ਕਵਿਤਾ

‘ਮੌਤ ਅਤੇ ਥਲਾਂ ਦੇ ਰਾਹ’ ਵਿਚ ਲਿਖਦੇ ਹਨ:

ਫੇਰ ਮੇਰੀ ਜਾਨ ‘ਤੇ ਲਰਜ਼ੇ
ਨੂਹ ਵੇਲ਼ੇ ਦੇ ਪਾਣੀ
ਕੋਟ ਵਾਰ ਹਫ ਜਿੰਦ ਗਗਨਾ ਦੀ
ਮੰਝਧਾਰੀਂ ਕੁਮਲਾਣੀ
ਨੂਹ ਦਾ ਬੇੜਾ ਤੋੜ ਕੇ ਗਰਜੇ
ਅੰਬਰੋਂ ਪਰੇ ਅੰਧਾਰੀ
ਦਿਲ ਮੇਰੇ ਤੋਂ ਝੱਲ ਨਾ ਹੋਈ
ਸਮਿਆਂ ਦੀ ਕਿਲਕਾਰੀ

ਮੇਰੀ ਹੋਸ਼ ਦੇ ਬੂਹੇ ਮੋਈਆਂ
ਮਜ੍ਹਬਾਂ ਦੀਆਂ ਪਰਵਾਜਾਂ
ਘਾਇਲ ਕਰੇ ਕਸਕਾਂ ਨੇ ਸਾਗਰ
ਸੰਗ ਸੁਹਾਣੇ ਰਾਜਾਂ

ਭਾਰ ਪਹਾੜਾਂ ਹੇਠਾਂ ਸੁੱਤੇ
ਬਾਲ-ਵਰੇਸ ਦੇ ਹਾਣੀ!
ਮਲਿਆਂ ਦੇ ਵਿਚ ਨਦੀਆਂ ਸਾਮ੍ਹੇ
ਮੰਗਦੇ ਮਰ ਗਏ ਪਾਣੀ

 ਬੱਜਰ ਚੁਪ ਮੂਰਛਾ ਦੀ ‘ਚੋਂ
ਕੁਝ ਹਿੱਲੇ ਪਰਛਾਵੇਂ
ਤਦੋਂ ਕਿਸੇ ਅਰਦਾਸ ਨੇ ਲਿਖੇ
ਜੀਵਨ ਦੇ ਸਿਰਨਾਵੇਂ

ਲੋੜ੍ਹ ਹੈ ਇਤਿਹਾਸ ਦੇ ਇਸ ਧੁੰਦਲੇ ਕਾਂਡ ਬਾਰੇ ੳਲੀਕੀਆਂ ਧਾਰਨਾਵਾਂ ਦੀ ਬਜਾਇ ਖੁੱਲ਼੍ਹੇ ਮਨ ਨਾਲ਼ ਖੋਜ ਜਾਰੀ ਰੱਖੀ ਜਾਏ।

ਸਿੰਧ ਘਾਟੀ ਦੀ ਸਭਿਅਤਾ ਕਿਸ ਕਾਰਨ ਤਬਾਹ ਹੋਈ, ਇਹ ਇਕ ਪੇਚੀਦਾ ਸਵਾਲ ਹੈ। ਇਹ ਕੁਦਰਤੀ ਨੇਮ ਅਨੁਸਾਰ ਚੱਲਣ ਵਾਲਾ ਕ੍ਰਮ ਹੈ। ਮਾਨਵ ਦੀਆਂ ਲੋੜਾਂ ਬਦਲਦੀਆਂ ਰਹੀਆਂ ਹਨ। ਹਾਲਤਾਂ ਅਨੁਸਾਰ ਢਾਲ ਲੈਣਾ ਮਨੁੱਖ ਦੀ ਕਾਮਯਾਬੀ ਦਾ ਸਭ ਤੋਂ ਵੱਡਾ ਕਾਰਨ ਬਣਿਆ। ਆਦਿ ਮਾਨਵ ਨੇ ਅੱਗ ਨੂੰ ਆਪਣੀ ਇੱਛਾ ਅਨੁਸਾਰ ਵਰਤਣ ਦੀ ਜਾਚ ਸਿੱਖ ਲਈ ਜਿਸਨੇ ਮਨੁੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਨਿਭਾਅ ਰਹੀ ਹੈ। ਇਸ ਲਈ ਭੋਜਨ ਦਾ ਪ੍ਰਬੰਧ ਕਰਨਾ ਸੌਖਾ ਹੋ ਗਿਆ। ਬਹੁਤ ਸਾਰੀ ਬਨਸਪਤੀ ਮਨੁੱਖ ਦੇ ਭੋਜਨ ਦਾ ਹਿੱਸਾ ਸੀ। ਮਾਨਵ ਦੇ ਸਿਰਫ ਸ਼ਿਕਾਰ ‘ਤੇ ਨਿਰਭਰ ਨਾ ਰਹਿਣ ਕਾਰਨ ਉਸਦਾ ਪੈਰਾਂ ‘ਤੇ ਖੜੇ ਹੋਣਾ ਮਹੱਤਵਪੂਰਨ ਰਿਹਾ। ਉਸਨੇ ਆਪਣੀ ਸੁਰੱਖਿਆ ਵੱਲ ਵੀ ਧਿਆਨ ਦਿੱਤਾ। ਜਿਸ ਕਾਰਨ ਗੁਫਾਵਾਂ ਅਤੇ ਰੁੱਖਾਂ ਤੋਂ ਉੱਤਰ ਕੇ ਜੰਗਲੀ ਬੂਟੀਆਂ ਦੀਆਂ ਵਾੜਾਂ ਅਤੇ ਹੌਲੀ-ਹੌਲੀ ਮਕਾਨਾਂ ਦੀ ਕਾਢ ਵਿਕਸਿਤ ਹੋਈ।

ਕਿਹਾ ਜਾਂਦਾ ਹੈ ਕਿ ਲੋੜ੍ਹ ਕਾਢ ਦੀ ਮਾਂ ਹੈ, ਵਰਨਣਯੋਗ ਤੱਥ ਹੈ ਕਿ ਮਨੁੱਖੀ ਸਮਝ ਨੂੰ ਤਿੱਖਿਆਂ ਕਰਨ ਵਿਚ  ਜਿਨ੍ਹਾਂ ਕਾਰਨਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਉਹਨਾਂ ਵਿਚ ਭੋਜਨ ਦੀ ਤਲਾਸ਼, ਕੁਦਰਤੀ ਮਾਰਾਂ ਅਤੇ ਜੰਗਲੀ ਜੀਵਾਂ ਤੋਂ ਸੁਰੱਖਿਆ ਦੋ ਅਹਿਮ ਕਾਰਨ ਹਨ। ਮਾਨਵ ਸਭਿਅਤਾ ਦਾ ਮੂਲ ਢਾਂਚਾ ਇਹਨਾਂ ਦੋ ਕਾਰਨਾ ‘ਤੇ ਨਿਰਭਰ ਹੈ। ਇੱਥੋਂ ਹੀ ਮੌਜੂਦਾ ਮਨੁੱਖੀ ਸਭਿਅਤਾ ਦਾ ਸਰੂਪ  ਬਣਿਆ। ਹੁਣ ਵੀ ਅਚੇਤ ਹੀ ਇਹ ਦੋ ਕਾਰਨ ਹਰ ਵੇਲੇ ਸਾਡੇ ਅੰਗ-ਸੰਗ ਵਿਚਰਦੇ ਸਾਡੇ ਪੈਂਤੜੇ ਨਿਰਧਾਰਤ ਕਰਦੇ ਜਾਂਦੇ ਹਨ। ਇਸੇ ਲਈ ਵਿਕਾਸ ਅਤੇ ਵਿਨਾਸ਼ ਹੋਣਾ ਹੀ ਹੁੰਦਾ ਹੈ। ਇਹ ਕੁਦਰਤ ਦਾ ਅਟੱਲ ਨਿਯਮ ਹੈ।

ਭੂ ਮਾਫੀਆਂ ਦੀਆਂ ਲਾਲਚੀ ਨਿਗਾਹਾਂ ਕਾਰਨ ਥੇਹਾਂ ਦਾ ਵਜੂਦ ਖਤਰੇ ‘ਚ ਹੈ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ।

****

1 comment:

  1. pls contact me at gsosho@gmail.com ..i m doing research on majha history

    ReplyDelete