ਥੇਹਾਂ ਦਾ ਰਹੱਸ ਅਤੇ ਛੀਨਿਆਂ ਵਾਲਾ ਥੇਹ

ਥੇਹਾਂ ਬਾਰੇ  ਜਿਨ੍ਹਾਂ ਵੀ ਲਿਖਿਆ ਸੁਣਿਆ ਮਿਲ਼ਦਾ ਹੈ ਉਸਤੋਂ ਕੋਈ ਪਰਪੱਕ ਰਾਇ ਬਣਾਉਣੀ ਮੁਸ਼ਕਲ ਹੈ ਪਰ ਕਹੀਆਂ-ਸੁਣੀਆਂ ਦੇ ਅਧਾਰ 'ਤੇ ਸੱਚਾਈ ਦੇ ਨੇੜੇ ਜਰੂਰ ਪਹੁੰਚਿਆ ਜਾ ਸਕਦਾ ਹੈ।ਇਕ ਗੱਲ ਪ੍ਰਤੱਖ ਹੈ ਕਿ ਇਹ ਥੇਹ ਜਾਂ ਟਿੱਬੇ ਤਬਾਹ ਹੋਈ ਪ੍ਰਾਚੀਨ ਸਭਿਅਤਾ ਦੀਆਂ ਨਿਸ਼ਾਨੀਆਂ ਸ਼ਹਿਰ ਜਾਂ ਵਪਾਰਕ ਕੇਂਦਰ ਹਨ। ਇਹਨਾਂ ਥੇਹਾਂ ਨੂੰ ਕਿਸੇ ਇਕ ਸਭਿਅਤਾ ਨਾਲ਼ ਜੋੜਨਾ ਕਾਫੀ ਮੁਸ਼ਕਲ ਲੱਗਦਾ ਹੈ। ਸੰਭਵ ਹੈ ਕਿ ਇਹ ਥੇਹ ਵੱਖ-ਵੱਖ ਸਭਿਅਤਾਵਾਂ ਦੇ ਤਬਾਹ ਨਗਰ ਹਨ।1947 ਦੇ ਭਿਆਨਿਕ ਦੰਗਿਆਂ ਵੇਲੇ ਜ਼ਿਆਦਾਤਰ ਉਜੜੇ ਸ਼ਹਿਰ ਕਸਬੇ ਭਾਵੇਂ ਦੁਬਾਰਾ ਅਬਾਦ ਕਰ ਲਏ ਗਏ। ਪਰ ਕੁਝ ਨਗਰ ਜੋ ਦੁਬਾਰਾ ਵੱਸ ਨਾ ਸਕੇ ਥੇਹਾਂ ਦਾ ਰੂਪ ਧਾਰ ਗਏ। ਇਹਨਾਂ ਵਿਚ ਹੀ ਅਟਾਰੀ ਨੇੜਲਾ ਕਸਬਾ ਪੁੱਲ ਕੰਜਰੀ ਹੈ। ਭਾਵੇਂ ਥੇਹ ਦਾ ਕਾਫੀ ਹਿੱਸਾ ਪੱਧਰਾ ਕਰ ਦਿੱਤਾ ਗਿਆ ਪਰ ਕਾਫੀ ਬਚਿਆ ਹੋਇਆ ਹੈ।

ਇਹ ਵੀ ਸੰਭਵ ਹੈ ਕਿ  ਥੇਹ ਅਚਾਨਿਕ ਆਈ ਕਿਸੇ ਕੁਦਰਤੀ ਆਫਤ ਕਾਰਨ ਜਿਵੇਂ ਵੱਡੀ ਸੁਨਾਮੀ, ਧਰਤੀ ਨਾਲ਼ ਕਿਸੇ ਉਲਕਾ ਪਿੰਡ ਟਕਰਾਉਣ ਵਰਗੀ ਕਿਸੇ ਘਟਨਾ ਨਾਲ਼ ਅਚਾਨਿਕ ਤਬਾਹ ਹੋਏ ਹੋਣ। ਅਤੇ ਵੱਖ-ਵੱਖ ਸਮੇਂ ਕੁਝ ਕਾਰਨਾ ਕਰਕੇ ਨਗਰਾਂ ਦਾ ਥੇਹ ਹੋਣਾ ਜਾਰੀ ਰਿਹਾ ਹੋਵੇਗਾ।ਇਹਨਾਂ ਕਾਰਨਾ ਵਿਚ ਸੋਕਾ, ਹੜ੍ਹ, ਜਾਂ ਭੁਚਾਲ਼ ਨਾਲ਼ ਨਗਰ ਦਾ ਅਚਾਨਿਕ ਤਬਾਹ ਹੋ ਜਾਣਾ, ਨਗਰ ਵਿਚ ਕਿਸੇ ਮਹਾਂਮਾਰੀ ਦਾ ਫੈਲਣਾ, ਜਾਂ ਕੋਈ ਵਹਿਮ-ਭਰਮ, ਕਿਸੇ ਗੈਬੀ ਕਰੋਪੀ ਤੋਂ ਬਚਣ ਲਈ ਨਗਰ ਛੱਡ ਕੇ ਕਿਸੇ ਹੋਰ ਇਲਾਕੇ ਵਿਚ ਪਰਵਾਸ ਕਰ ਜਾਣਾ ਆਦਿ ਰਹੇ ਹੋਣਗੇ।

ਮਾਝਾ ਦੇਸ ਦਤਾਰਾਂ ਦਾ

ਮਾਝਾ ਪੰਜਾਬ ਦਾ ਦਿਲ ਹੈ ਤੇ ਧਰਤੀ ਦਾ ਸਭ ਤੋਂ ਉਪਜਾਊ ਭਾਗ। ਪੰਜਾਬ ਦੇ ਵਿਚਕਾਰਲੇ ਮੈਦਾਨੀ ਭਾਗ ਨੂੰ ਮਾਝਾ ਕਹਿੰਦੇ ਹਨ।ਮਾਝਾ ਦਾ ਸ਼ਬਦੀ ਅਰਥ ਮੰਝਲਾ ਜਾਂ ਮਾਂਝਲਾ ਹੈ, ਜਿਸਦਾ ਅਰਥ ਹੈ ਮੱਧ ਵਾਲ਼ਾ ਜਾਂ ਵਿਚਕਾਰਲਾ ਮੰਝਲਾ ਤੋਂ ਰੂਪ ਬਦਲਦਾ ਮਾਝਾ ਸ਼ਬਦ ਹੋਂਦ ਵਿਚ ਆ ਗਿਆ। ਪੰਜਾਬ ਦੇ ਕੇਂਦਰ ਵਿਚ ਹੋਣ ਕਾਰਨ ਇਸ ਖਿੱਤੇ ਨੂੰ ਮਾਝਾ ਕਹਿੰਦੇ ਹਨ। ਮਾਝਾ ਪ੍ਰਦੇਸ਼ ਦੀ ਹੱਦਬੰਦੀ ਰਾਜਨੀਤਕ ਨਾ ਹੋ ਕੇ ਸਗੋਂ ਕੁਦਰਤ ਦੁਆਰਾ ਖਿੱਚੀਆਂ ਲਕੀਰਾਂ ਦੁਆਲ਼ੇ ਕੇਂਦਰਿਤ ਹੈ। ਬਿਆਸ ਅਤੇ ਰਾਵੀ ਦਰਿਆਵਾਂ ਦੇ ਵਿਚਕਾਰਲੇ ਭਾਗ ਨੂੰ 'ਬਾਰੀ' ਦੁਆਬ ਅਤੇ ਰਾਵੀ ਅਤੇ ਚਿਨਾਬ ਦਰਿਆਵਾਂ ਦੇ ਵਿਚਕਾਰਲੇ ਭਾਗ ਨੂੰ ਰਚਨਾ ਦੁਆਬ ਕਿਹਾ ਜਾਂਦਾ ਹੈ ਜੋ ਮਾਝੇ ਦਾ ਭਾਗ ਹੈ। ਮਾਝੇ ਦੇ ਜਿਲ਼੍ਹੇ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਲਹੌਰ, ਕਸੂਰ, ਸਿਆਲਕੋਟ, ਗੁਜਰਾਂਵਾਲਾ ਅਤੇ ਸ਼ੇਖੁਪੁਰਾ ਹਨ। ਰਚਨਾ ਦੁਆਬ ਦੇ ਉੱਤਰ-ਪੂਰਬੀ ਭਾਗ ਨੂੰ ਦਰਪ ਕਿਹਾ ਜਾਂਦਾ ਹੈ।ਰਚਨਾ ਦੁਆਬ ਦਾ ਦੱਖਣ-ਪੱਛਮੀ ਭਾਗ ਸਾਂਦਲ ਬਾਰ ਕਰਕੇ ਜਾਣਿਆ ਜਾਂਦਾ ਹੈ। ਲਹੌਰ ਜਿਲੇ ਦੇ ਕੁਝ ਭਾਗ ਨੂੰ 'ਨੱਕਾ' ਕਿਹਾ ਜਾਂਦਾ ਹੈ।

ਇਕ ਪਾਸੇ ਸ਼ਿਵਾਲਿਕ ਦੀਆਂ ਪਹਾੜੀਆਂ  ਅਤੇ ਹੋਰਨਾਂ ਹੱਦਾਂ 'ਤੇ ਦਰਿਆ ਬਿਆਸ, ਸਤਲੁਜ ਅਤੇ ਚਿਨਾਬ ਮਾਝੇ ਦੀ ਹੱਦਬੰਦੀ ਕਰਦੇ ਹਨ। ਵਿਦੇਸ਼ਾਂ ਤੋਂ ਆਉਣ ਵਾਲ਼ੇ ਜਿਆਦਾਤਰ ਹਮਲਾਵਰਾਂ ਨੇ ਮਾਝੇ ਦੇ ਜ਼ਰੀਏ ਹਮਲਾ ਕੀਤਾ। ਜਿਸ ਕਾਰਨ ਮਾਝੇ ਲੋਕਾਂ ਦਾ ਸੁਭਾਅ ਖਾੜਕੂ ਬਣ ਗਿਆ। ਮਝੈਲ ਪ੍ਰਾਚੀਨ ਕਾਲ਼ ਤੋਂ ਹੀ ਗੁਰੀਲਾ ਯੁੱਧ ਦੇ ਮਾਹਿਰ ਰਹੇ ਹਨ। ਸਿਕੰਦਰ ਦੇ ਭਾਰਤ 'ਤੇ ਹਮਲੇ  ਤੋਂ ਲੈ ਕੇ ਖਾਲਿਸਤਾਨ ਦੇ ਨਾਮ 'ਤੇ ਚੱਲੀ ਖਾੜਕੂ ਲਹਿਰ ਤੱਕ ਮਝੈਲਾਂ ਨੇ ਸੈਂਕੜੇ ਹਮਲਾਵਰਾਂ ਨਾਲ਼ ਯੁੱਧ ਅਤੇ ਮੁਹਿੰਮਾ ਲੜ੍ਹੀਆਂ। ਅਤੇ ਆਪਣੀ ਗੁਰੀਲਾ ਯੁੱਧ ਦੀ ਮੁਹਾਰਤ ਨੂੰ ਪੁਖਤਾ ਕੀਤਾ। ਗੁਰੀਲਾ ਯੁੱਧ ਉਹ ਤਰੀਕਾ ਹੈ ਜਿਸ ਨਾਲ਼ ਘੱਟ ਗਿਣਤੀ ਵਿਸ਼ਾਲ ਲਸ਼ਕਰਾਂ ਦੇ ਮੂੰਹ ਮੋੜ ਸਕਦੀ ਹੈ।ਇਸੇ ਤਕਨੀਕ ਨਾਲ਼ ਮਝੈਲਾਂ ਨੇ ਸਿਕੰਦਰ ਦਾ ਦੁਨੀਆਂ ਜਿੱਤਣ ਦਾ ਸੁਪਨਾ ਮਾਝੇ ਦੀ ਧਰਤੀ 'ਤੇ ਚਕਨਾਚੂਰ ਕਰ ਦਿੱਤਾ।ਮਾਝੇ ਦੀ ਧਰਤੀ ਨੇ ਇਤਿਹਾਸ ਦੇ ਧੁੰਦਲੇ ਕਾਂਡਾ ਤੋਂ ਲੈ ਵਰਤਮਾਨ ਤੱਕ ਕਬੀਲਿਆਂ, ਰਜਵਾੜਿਆਂ ਦੀਆਂ ਲੜ੍ਹਾਈਆਂ ਅਤੇ ਸਾਮਰਾਜਾਂ ਦੇ ਘੋਰ ਯੁੱਧਾਂ ਨੂੰ ਪਿੰਡੇ 'ਤੇ ਹੰਢਾਇਆ ਹੈ।